Tehreek-e-Taliban Hindustan ਨੇ ਪੋਸਟਰ ਜਾਰੀ ਕਰਕੇ ASI ਜੋਗਾ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ

Tehreek-e-Taliban Hindustan ਨੇ ਪੋਸਟਰ ਜਾਰੀ ਕਰਕੇ ASI ਜੋਗਾ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ

ਅੰਮ੍ਰਿਤਸਰ : ਮਜੀਠਾ ਇਲਾਕੇ ਵਿੱਚ ਏ ਐੱਸ ਆਈ ਜੋਗਾ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਕੁਝ ਘੰਟਿਆਂ ਬਾਅਦ, ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ ‘ਤੇ ‘ਤਹਿਰੀਕ-ਏ-ਤਾਲ਼ਿਬਾਨ ਹਿੰਦੁਸਤਾਨ’ (TTH) ਨਾਮ ਦੇ ਸੰਗਠਨ ਦਾ ਇੱਕ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ ਵਿੱਚ ਉਨ੍ਹਾਂ ਨੇ ਏ ਐੱਸ ਆਈ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਖ਼ਾਸ ਗੱਲ ਇਹ ਹੈ ਕਿ ਇਹ ਉਹੀ ਸੰਗਠਨ ਹੈ ਜਿਸ ਨੇ ਇਸੇ ਸਾਲ ਦੇ ਸ਼ੁਰੂ ਵਿੱਚ ਗੁਰਦਾਸਪੁਰ ਦੇ ਦੋਰਾਂਗਲਾ ਇਲਾਕੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਕਾਰਨ ਸੁਰੱਖਿਆ ਏਜੰਸੀਆਂ ਦੀ ਚਿੰਤਾ ਕਾਫ਼ੀ ਵਧ ਗਈ ਹੈ। ਹਾਲਾਂਕਿ, ਪੋਸਟਰ ਦੀ ਪ੍ਰਮਾਣਿਕਤਾ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ।

ਉੱਥੇ ਹੀ ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲੀਸ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਭਾਵੇਂ ਪੋਸਟਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਪਰ ਪੁਲੀਸ ਟੀਮਾਂ ਸਾਰੇ ਐਂਗਲਾਂ (ਪਹਿਲੂਆਂ) ਤੋਂ ਜਾਂਚ ਕਰ ਰਹੀਆਂ ਹਨ।

ਅਤਿਵਾਦੀ ਸੰਗਠਨ ਨੇ ਕਥਿਤ ਤੌਰ ‘ਤੇ ਕਿਹਾ ਕਿ ਉਸ ਦੇ “ਅਲ-ਬੁਰਾਕ ਸਕੁਐਡ” ਨੇ ਇਸ ਹਮਲੇ ਨੂੰ ਅੰਜਾਮ ਦਿੱਤਾ, ਜਿਸ ਵਿੱਚ ਦਿਨ ਦਿਹਾੜੇ ਮਜੀਠਾ ਇਲਾਕੇ ਵਿੱਚ ਪੁਲੀਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਿਆਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪੁਲੀਸ ਕਰਮਚਾਰੀਆਂ, ਫੌਜ ਦੇ ਮੈਂਬਰਾਂ ਅਤੇ ਖੁਫੀਆ ਅਧਿਕਾਰੀਆਂ ਦੇ ਖਿਲਾਫ ਅਜਿਹੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ ਗਈ ਹੈ।

ਸੰਗਠਨ ਨੇ ਇਹ ਵੀ ਦਾਅਵਾ ਕੀਤਾ ਕਿ ਕਤਲ ਨਾਲ ਸਬੰਧਤ ਇੱਕ ਵੀਡੀਓ ਜਲਦੀ ਹੀ ਔਨਲਾਈਨ ਜਾਰੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਦੇ ਟਰੈਫਿਕ ਵਿੰਗ ਵਿੱਚ ਤਾਇਨਾਤ ਏ ਐੱਸ ਆਈ ਜੋਗਾ ਸਿੰਘ ਜਦੋਂ ਆਪਣੀ ਡਿਊਟੀ ‘ਤੇ ਜਾ ਰਹੇ ਸਨ, ਤਾਂ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਕਈ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਕਤਲ ਤੋਂ ਬਾਅਦ, ਪੁਲੀਸ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਮਜੀਠਾ ਬੈਲਟ ਅਤੇ ਉਸ ਦੇ ਆਲੇ-ਦੁਆਲੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮਾਂ ਕਈ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ, ਜਿਸ ਵਿੱਚ ਸੰਭਾਵੀ ਅਤਿਵਾਦੀ ਸਬੰਧ, ਸੰਗਠਿਤ ਅਪਰਾਧਿਕ ਸ਼ਮੂਲੀਅਤ ਅਤੇ ਸਰਹੱਦ ਪਾਰ ਦੇ ਸਬੰਧ ਸ਼ਾਮਲ ਹਨ।

Share: