ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਅੱਜ ਨੀਟ ਪੇਪਰ ਲੀਕ ਮਾਮਲੇ ਵਿੱਚ ਮੁਲਜ਼ਮ ਸ਼ੁਭਮ ਖੈਰਨਾਰ ਨੂੰ 6 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਰੁਚੀ ਅਗਰਵਾਲ ਅਸਰਾਨੀ ਨੇ ਸੀ ਬੀ ਆਈ ਦੀ ਉਹ ਅਰਜ਼ੀ ਮਨਜ਼ੂਰ ਕਰ ਲਈ, ਜਿਸ ਵਿੱਚ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਅਪੀਲ ਕੀਤੀ ਗਈ ਸੀ।
ਇਸ ਤੋਂ ਪਹਿਲਾਂ, 14 ਮਈ ਨੂੰ ਇੱਕ ਅਦਾਲਤ ਨੇ ਖੈਰਨਾਰ ਅਤੇ ਚਾਰ ਹੋਰਾਂ ਨੂੰ ਸੱਤ ਦਿਨਾਂ ਲਈ ਸੀ ਬੀ ਆਈ ਦੀ ਹਿਰਾਸਤ ਵਿੱਚ ਭੇਜਿਆ ਸੀ। ਅਦਾਲਤ ਨੇ ਇਹ ਟਿੱਪਣੀ ਕੀਤੀ ਸੀ ਕਿ ਲਗਾਏ ਗਏ ਦੋਸ਼ ਪੈਸਿਆਂ ਦੇ ਫਾਇਦੇ ਲਈ ਗੁਪਤ ਪ੍ਰੀਖਿਆ ਪੱਤਰਾਂ ਨੂੰ ਲੀਕ ਕਰਨ ਅਤੇ ਵੰਡਣ ਵਿੱਚ ਸ਼ਾਮਲ ਇੱਕ ‘ਸੰਗਠਿਤ ਗਰੋਹ’ ਦੀ ਭੂਮਿਕਾ ਵੱਲ ਇਸ਼ਾਰਾ ਕਰਦੇ ਹਨ। 20 ਮਈ ਨੂੰ ਖੈਰਨਾਰ ਦੇ ਸੀ ਬੀ ਆਈ ਰਿਮਾਂਡ ਨੂੰ ਪੰਜ ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਸੀ, ਜਦੋਂ ਸੀ ਬੀ ਆਈ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਤੋਂ ਹੋਰ ਪੁੱਛ-ਪੜਤਾਲ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਹੋਰ ਸਹਿ-ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ, ਜਿਨ੍ਹਾਂ ਨੂੰ ਉਸ ਨੇ ਨੀਟ-ਯੂ ਜੀ 2026 ਦੇ ਪੇਪਰ ਵੇਚੇ ਸਨ। ਏਜੰਸੀ ਨੇ ਇਸ ਪੇਪਰ ਲੀਕ ਨੈੱਟਵਰਕ ਨਾਲ ਜੁੜੇ ਡਿਜੀਟਲ ਉਪਕਰਨਾਂ ਅਤੇ ਸਬੂਤਾਂ ਜਿਨ੍ਹਾਂ ਵਿੱਚ ਗੱਲਬਾਤ ਦੇ ਰਿਕਾਰਡ ਅਤੇ ਪੈਸਿਆਂ ਦੇ ਲੈਣ-ਦੇਣ ਸ਼ਾਮਲ ਹਨ, ਨੂੰ ਬਰਾਮਦ ਕਰਨ ਅਤੇ ਉਨ੍ਹਾਂ ਦੀ ਜਾਂਚ ਕਰਨ ਦੀ ਲੋੜ ਦਾ ਹਵਾਲਾ ਵੀ ਦਿੱਤਾ ਸੀ।

