Punjab ASI Murder: ਮਜੀਠਾ ’ਚ ਵੱਡੀ ਵਾਰਦਾਤ: ਦਿਨ-ਦਿਹੜੇ ASI ਦਾ ਗੋਲੀਆਂ ਮਾਰ ਕੇ ਕਤਲ

Punjab ASI Murder: ਮਜੀਠਾ ’ਚ ਵੱਡੀ ਵਾਰਦਾਤ: ਦਿਨ-ਦਿਹੜੇ ASI ਦਾ ਗੋਲੀਆਂ ਮਾਰ ਕੇ ਕਤਲ

ਮਜੀਠਾ : ਕਸਬਾ ਮਜੀਠਾ ਦੇ ਬਾਹਰਵਾਰ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪੰਜਾਬ ਪੁਲੀਸ ਦੇ ਇੱਕ ਏ.ਐੱਸ.ਆਈ. (ASI) (ਥਾਣੇਦਾਰ) ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜੋਗਾ ਸਿੰਘ ਪੁੱਤਰ ਪਿਆਰਾ ਸਿੰਘ, ਨਿਵਾਸੀ ਪਿੰਡ ਘਣੀਏਕੇ (ਗੁਰਦਾਸਪੁਰ) ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਵਿਖੇ ਟਰੈਫਿਕ ਪੁਲੀਸ ਵਿੱਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਏ.ਐੱਸ.ਆਈ. ਜੋਗਾ ਸਿੰਘ ਆਪਣੇ ਐਕਟਿਵਾ ਸਕੂਟਰ (ਪੀ.ਪੀ. 06 ਬੀ.ਜੀ. 6614) ’ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਮਜੀਠਾ ਕਸਬੇ ਤੋਂ ਬਾਹਰ ਨਿਕਲਿਆ, ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜੋਗਾ ਸਿੰਘ ਦੇ ਦੋ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇ ਕੇ ਫ਼ਰਾਰ ਹੋ ਗਏ। ਇਸ ਹਾਈ-ਪ੍ਰੋਫਾਈਲ ਕਤਲ ਕਾਂਡ ਦੀ ਸੂਚਨਾ ਮਿਲਦੇ ਸਾਰ ਹੀ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੇਲ ਮੀਰ ਕਾਸਿਮ ਭਾਰੀ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਮਹਿਜ਼ ਦੋ ਦਿਨਾਂ ਬਾਅਦ ਨਗਰ ਕੌਂਸਲ ਚੋਣਾਂ ਹੋਣੀਆਂ ਹਨ, ਜਿਸ ਕਾਰਨ ਲਾਗੂ ਸਖ਼ਤ ਸੁਰੱਖਿਆ ਦੇ ਹੁੰਦਿਆਂ ਇਸ ਵਾਰਦਾਤ ਨੇ ਪੁਲਿਸ ਦੀ ਮੁਸਤੈਦੀ ਅਤੇ ਕਾਨੂੰਨ ਵਿਵਸਥਾ ’ਤੇ ਵੱਡੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।

ਮਾਮਲੇ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਸੁਹੇਲ ਮੀਰ ਕਾਸਿਮ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦਾ ਸੁਰਾਗ ਲਗਾਉਣ ਲਈ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉੱਧਰ ਮੌਕੇ ਤੇ ਬਿਕਰਮ ਮਜੀਠੀਆ ਵੀ ਪਹੁੰਚੇ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ’ਤੇ ਕਈ ਨਿਸ਼ਾਨੇ ਸੇਧੇ। ਉਨ੍ਹਾਂ ਸਾਫ਼ ਕਿਹਾ, “ ਜਦੋਂ ਵਰਦੀ ਹੀ ਸੁਰੱਖਿਅਤ ਨਾ ਰਹੇ, ਤਾਂ ਸਮਝੋ ਪੰਜਾਬ ਵਿੱਚ ਕਾਨੂੰਨ ਵਿਵਸਥਾ ਮਰ ਚੁੱਕੀ ਹੈ!”

Share: