ਡਰ ਸੀ ਲੱਦਾਖ ਦੂਜਾ ਮਨੀਪੁਰ ਨਾ ਬਣ ਜਾਵੇ: Sonam Wangchuk

ਡਰ ਸੀ ਲੱਦਾਖ ਦੂਜਾ ਮਨੀਪੁਰ ਨਾ ਬਣ ਜਾਵੇ: Sonam Wangchuk

ਨਵੀਂ ਦਿੱਲੀ : ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਲੱਦਾਖ ਦੇ ਪ੍ਰਤੀਨਿਧਾਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈ ਗੱਲਬਾਤ ਨੂੰ ‘ਸਕਾਰਾਤਮਕ ਪੇਸ਼ਕਦਮੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਲੱਦਾਖ ਦੂਜਾ ਮਨੀਪੁਰ ਨਾ ਬਣ ਜਾਵੇ, ਕਿਉਂਕਿ ਸੂਬਾ ਇਸੇ ਦਿਸ਼ਾ ’ਚ ਅੱਗੇ ਵਧ ਰਿਹਾ ਸੀ। ਉਨ੍ਹਾਂ ਪਿਛਲੇ ਸਾਲ ਦੇ ਪ੍ਰਦਰਸ਼ਨਾਂ ਦੇ ਅਣਸੁਲਝੇ ਮਾਮਲਿਆਂ, ਨਿੱਜੀ ਉਪਕਰਨ (ਮੋਬਾਈਲ ਤੇ ਹੋਰ ਸਾਮਾਨ) ਜ਼ਬਤ ਕਰਨ ਅਤੇ ਅੰਦੋਲਨ ਨਾਲ ਜੁੜੀਆਂ ਸੰਸਥਾਵਾਂ ਵਿਰੁੱਧ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਖੇਤਰ ਵਿੱਚ ਭਰੋਸਾ ਬਹਾਲੀ ਦਾ ਅਮਲ ਅਜੇ ਅਧੂਰਾ ਹੈ।ਕੇਂਦਰੀ ਗ੍ਰਹਿ ਮੰਤਰਾਲੇ ਦੀ ਸਬ ਕਮੇਟੀ ਨਾਲ ਤਾਜ਼ਾ ਦੌਰ ਦੀ ਵਿਚਾਰ ਚਰਚਾ ਤੋਂ ਬਾਅਦ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਵਾਂਗਚੁਕ ਨੇ ਕਿਹਾ ਕਿ ਉਨ੍ਹਾਂ ਵੀਰਵਾਰ ਵਾਲੀ ਬੈਠਕ ਤੋਂ ਬਾਅਦ ਆਪਣੇ ਨਜ਼ਰੀਏ ਵਿੱਚ ਤਬਦੀਲੀ ਮਹਿਸੂਸ ਕੀਤੀ ਹੈ, ਪਰ ਉਹ ਅਜੇ ਵੀ ਚੌਕਸ ਹਨ। ਉਨ੍ਹਾਂ ਕਿਹਾ, ‘‘ਇਸ ਬੈਠਕ ਨਾਲ ਥੋੜ੍ਹਾ ਫ਼ਰਕ ਪਿਆ ਹੈ, ਨਹੀਂ ਤਾਂ ਮੈਂ ਬਹੁਤ ਨਿਰਾਸ਼ ਸੀ।’’ ਉਨ੍ਹਾਂ ਕਿਹਾ ਕਿ (ਉਨ੍ਹਾਂ ਦੀ) ਰਿਹਾਈ ਦੇ ਹੁਕਮ ਵਿੱਚ ‘ਵਿਸ਼ਵਾਸ ਵਾਲਾ ਮਾਹੌਲ’ ਬਣਾਉਣ ਅਤੇ ‘ਅਰਥਪੂਰਨ ਤੇ ਰਚਨਾਤਮਕ ਗੱਲਬਾਤ’ ਵੱਲ ਵਧਣ ਦਾ ਹਵਾਲਾ ਦਿੱਤਾ ਗਿਆ ਸੀ; ਉਂਝ, ਉਨ੍ਹਾਂ ਦੋਸ਼ ਲਾਇਆ ਕਿ ਜ਼ਮੀਨੀ ਹਕੀਕਤ ਇਨ੍ਹਾਂ ਭਰੋਸਿਆਂ ਨੂੰ ਨਹੀਂ ਦਰਸਾਉਂਦੀ।

ਉਨ੍ਹਾਂ ਕਿਹਾ, ‘‘ਜ਼ਮੀਨ ’ਤੇ ਕੁਝ ਵੀ ਨਹੀਂ ਹੋ ਰਿਹਾ ਸੀ। ਲੋਕ ਲੇਹ ਅਤੇ ਕਾਰਗਿਲ ਵਿੱਚ ਵੰਡੇ ਜਾ ਰਹੇ ਸਨ; ਬੋਧੀ ਬੋਧੀਆਂ ਨਾਲ ਅਤੇ ਮੁਸਲਮਾਨ ਮੁਸਲਮਾਨਾਂ ਨਾਲ ਲੜ ਰਹੇ ਸਨ। ਸਾਨੂੰ ਲੱਗਾ, ਭਰੋਸਾ ਬਹਾਲੀ ਨਹੀਂ ਹੋ ਰਹੀ ਅਤੇ ਅਰਥਪੂਰਨ ਗੱਲਬਾਤ ਨਾਮੁਮਕਿਨ ਜਾਪਦੀ ਸੀ। ਪਿਛਲਾ ਹਫ਼ਤਾ ਬਹੁਤ ਨਕਾਰਾਤਮਕ ਸੀ। ਹਰ ਜਗ੍ਹਾ ਟਕਰਾਅ ਸੀ। ਮੈਨੂੰ ਲੱਗਿਆ ਕਿ ਲੱਦਾਖ ਦੂਜਾ ਮਨੀਪੁਰ ਬਣ ਜਾਵੇਗਾ; ਇਹ ਇਸੇ ਦਿਸ਼ਾ ਵੱਲ ਜਾ ਰਿਹਾ ਸੀ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸੱਜਰੀ ਗੱਲਬਾਤ ਮਗਰੋਂ ਕੁਝ ਰਾਹਤ ਮਿਲੀ ਹੈ ਅਤੇ ਦੋਵਾਂ ਧਿਰਾਂ ਨੇ ਕਦਮ ਅੱਗੇ ਵਧਾਇਆ ਹੈ। ਉਹ ਅਗਲੇ ਕੁਝ ਹਫ਼ਤਿਆਂ ਵਿੱਚ ਕੇਂਦਰ ਦੇ ਕੰਮਾਂ ਤੋਂ ਉਸ ਦੇ ਇਰਾਦੇ ਬਾਰੇ ਫੈਸਲਾ ਕਰਨਗੇ।

Share: