kapurthala Jail ਵਿੱਚ ਕੈਦੀ ਭਿੜੇ; ਚਾਰ ਕੈਦੀ ਜ਼ਖ਼ਮੀ; ਬੈਰਕਾਂ ਨੂੰ ਅੱਗ ਲਾਈ

kapurthala Jail ਵਿੱਚ ਕੈਦੀ ਭਿੜੇ; ਚਾਰ ਕੈਦੀ ਜ਼ਖ਼ਮੀ; ਬੈਰਕਾਂ ਨੂੰ ਅੱਗ ਲਾਈ

ਕਪੂਰਥਲਾ  (ਮਨੀਸ਼ ਰਿਹਾਨ) : ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਸ਼ਨੀਵਾਰ ਦੇਰ ਰਾਤ ਕੈਦੀਆਂ ਦੇ ਆਪਸੀ ਟਕਰਾਅ ਤੋਂ ਬਾਅਦ ਪੈਦਾ ਹੋਏ ਹੰਗਾਮੇ ਨੂੰ ਸ਼ਾਂਤ ਕਰਨ ਲਈ ਜੇਲ੍ਹ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਕਾਰਵਾਈ ਦੌਰਾਨ ਤਿੰਨ ਕੈਦੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਨੂੰ ਲਾਠੀਚਾਰਜ ਦੌਰਾਨ ਸੱਟਾਂ ਵੱਜੀਆਂ ਅਤੇ ਇੱਕ ਕੈਦੀ ਹੰਝੂ ਗੈਸ ਦਾ ਗੋਲਾ ਲੱਗਣ ਕਾਰਨ ਜ਼ਖ਼ਮੀ ਹੋਇਆ। ਅਧਿਕਾਰੀਆਂ ਮੁਤਾਬਕ ਇਹ ਹਿੰਸਕ ਘਟਨਾ ਬੈਰਕ ਨੰਬਰ 4 ਦੇ ਕੈਦੀਆਂ ਵਿਚਾਲੇ ਹੋਈ ਕਿਸੇ ਗੱਲ ਨੂੰ ਲੈ ਕੇ ਸ਼ੁਰੂ ਹੋਈ, ਜਿਸ ਨੇ ਬਾਅਦ ਵਿੱਚ ਵੱਡਾ ਰੂਪ ਧਾਰਨ ਕਰ ਲਿਆ। ਜਦੋਂ ਜੇਲ੍ਹ ਸਟਾਫ਼ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਦੀ ਉਨ੍ਹਾਂ ਨਾਲ ਵੀ ਉਲਝ ਗਏ ਅਤੇ ਕਈ ਕੈਦੀ ਬੈਰਕਾਂ ਤੋਂ ਬਾਹਰ ਆ ਕੇ ਛੱਤਾਂ ’ਤੇ ਚੜ੍ਹ ਗਏ, ਜਿੱਥੇ ਉਨ੍ਹਾਂ ਕੱਪੜਿਆਂ ਨੂੰ ਅੱਗ ਲਗਾ ਦਿੱਤੀ।

ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਅਤੇ ਐਸ.ਐਸ.ਪੀ. ਗੌਰਵ ਤੂਰਾ ਸਮੇਤ ਭਾਰੀ ਪੁਲੀਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਡੀ.ਆਈ.ਜੀ. ਸਿੰਗਲਾ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਦੀ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਕੈਦੀਆਂ ਦੀ ਗਿਣਤੀ ਪੂਰੀ ਕਰਕੇ ਉਨ੍ਹਾਂ ਨੂੰ ਵਾਪਸ ਬੈਰਕਾਂ ਵਿੱਚ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਜੇਲ੍ਹ ਦੇ ਅੰਦਰ ਦੀਆਂ ਕੁਝ ਕਥਿਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕੈਦੀ ਜੇਲ੍ਹ ਪ੍ਰਸ਼ਾਸਨ ’ਤੇ ਬੇਰਹਿਮੀ ਨਾਲ ਤਸ਼ੱਦਦ ਢਾਹੁਣ ਦੇ ਦੋਸ਼ ਲਗਾ ਰਹੇ ਹਨ ਅਤੇ ਆਪਣੀਆਂ ਸੱਟਾਂ ਦਿਖਾ ਰਹੇ ਹਨ। ਲਗਭਗ 4,000 ਕੈਦੀਆਂ ਦੀ ਸਮਰੱਥਾ ਵਾਲੀ ਇਸ ਜੇਲ੍ਹ ਵਿੱਚ ਹੋਈ ਹਿੰਸਾ ਨੂੰ ਲੈ ਕੇ ਹੁਣ ਸਿਆਸਤ ਵੀ ਪੂਰੀ ਤਰ੍ਹਾਂ ਭਖ ਗਈ ਹੈ। ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਨੂੰ ਤੁਰੰਤ ਹਰਕਤ ਵਿੱਚ ਆਉਣਾ ਪਿਆ ਅਤੇ ਕੈਦੀਆਂ ਨੂੰ ਖਦੇੜਨ ਲਈ ਗ੍ਰਨੇਡ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ। ਇਸ ਕਾਰਵਾਈ ਦੌਰਾਨ ਇੱਕ ਕੈਦੀ ਹੰਝੂ ਗੈਸ ਦੇ ਗੋਲੇ ਕਾਰਨ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਬਹੁਤ ਸਾਰੇ ਕੈਦੀਆਂ ਨੂੰ ਵਾਪਸ ਬੈਰਕਾਂ ਵਿੱਚ ਭੇਜ ਦਿੱਤਾ ਗਿਆ ਹੈ।

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਕੈਦੀਆਂ ਦੇ ਕਈ ਗਰੁੱਪ ਛੱਤ ’ਤੇ ਘੁੰਮ ਰਹੇ ਦਿਖਾਈ ਦੇ ਰਹੇ ਹਨ ਜਿਸ ਵਿਚ ਉਨ੍ਹਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਬਰੇਕ ਕਰ ਲਈ ਗਈ ਹੈ। ਉਹ ਹੱਥਾਂ ਵਿਚ ਕਈ ਹਥਿਆਰ ਤੇ ਸੋਟੀਆਂ ਲਈ ਘੁੰਮਦੇ ਦਿਖਾਈ ਦੇ ਰਹੇ ਹਨ।

ਇਸ ਵਿਚਕਾਰ, ਜਦੋਂ ਡੀ.ਆਈ.ਜੀ. ਸਿੰਗਲਾ ਨੂੰ ਪੁੱਛਿਆ ਗਿਆ ਕਿ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪੁਲੀਸ 30 ਤੋਂ 40 ਕੈਦੀਆਂ ਨੂੰ ਛੱਤਾਂ ਤੋਂ ਉਤਾਰਨ ਵਿੱਚ ਅਸਫਲ ਕਿਉਂ ਰਹੀ, ਤਾਂ ਉਨ੍ਹਾਂ ਸਪੱਸ਼ਟ ਕੀਤਾ, “ਅਸੀਂ ਬੇਹੱਦ ਸਾਵਧਾਨੀ ਵਰਤ ਰਹੇ ਹਾਂ ਤਾਂ ਜੋ ਸਾਡੇ ਕਿਸੇ ਵੀ ਜਵਾਨ ਜਾਂ ਪੁਲੀਸ ਮੁਲਾਜ਼ਮ ਨੂੰ ਕੋਈ ਸੱਟ ਨਾ ਲੱਗੇ। ਇਨ੍ਹਾਂ ਬਾਕੀ ਰਹਿੰਦੇ ਕੈਦੀਆਂ ਨੂੰ ਵੀ ਜਲਦੀ ਹੀ ਹੇਠਾਂ ਲਾਹ ਲਿਆ ਜਾਵੇਗਾ।” ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਜੇਲ੍ਹ ਵਿੱਚੋਂ ਕੋਈ ਵੀ ਕੈਦੀ ਫ਼ਰਾਰ ਨਹੀਂ ਹੋਇਆ ਹੈ ਅਤੇ ਸਾਰੇ ਅੰਦਰ ਹੀ ਮੌਜੂਦ ਹਨ। ਡੀ.ਆਈ.ਜੀ. ਅਨੁਸਾਰ ਇਹ ਇੱਕ ਸਥਾਨਕ ਘਟਨਾ ਸੀ ਜੋ ਸਿਰਫ਼ ਇੱਕ ਬਲਾਕ ਅਤੇ ਕੁਝ ਕੈਦੀਆਂ ਤੱਕ ਹੀ ਸੀਮਤ ਰਹੀ, ਜਦੋਂਕਿ ਜੇਲ੍ਹ ਦੇ ਬਾਕੀ 10 ਤੋਂ 12 ਬਲਾਕ, ਜਿਨ੍ਹਾਂ ਵਿੱਚ 3000 ਤੋਂ 4000 ਦੇ ਕਰੀਬ ਕੈਦੀ ਬੰਦ ਹਨ, ਪੂਰੀ ਤਰ੍ਹਾਂ ਸ਼ਾਂਤ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਹੁਣ ਸੁਧਾਰ ਘਰ ਨਹੀਂ ਰਹੀਆਂ, ਸਗੋਂ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਕਾਰਨ ਇਹ ਅਪਰਾਧੀਆਂ ਦੇ ਲੜਾਈ ਦੇ ਮੈਦਾਨ ਵਿੱਚ ਤਬਦੀਲ ਹੋ ਚੁੱਕੀਆਂ ਹਨ। ਪੁਲੀਸ ਪ੍ਰਸ਼ਾਸਨ ਮੁਤਾਬਕ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share: