Punjab Petrol Crisis: ਪੰਜਾਬ ਦੇ ਤੇਲ ਪੰਪਾਂ ਨੂੰ ਹੱਥ ਘੁੱਟ ਕੇ ਸਪਲਾਈ, ਸਰਕਾਰ ਨੇ ਮੁਸਤੈਦੀ ਦਿਖਾਈ

Punjab Petrol Crisis: ਪੰਜਾਬ ਦੇ ਤੇਲ ਪੰਪਾਂ ਨੂੰ ਹੱਥ ਘੁੱਟ ਕੇ ਸਪਲਾਈ, ਸਰਕਾਰ ਨੇ ਮੁਸਤੈਦੀ ਦਿਖਾਈ

ਚੰਡੀਗੜ੍ਹ:  ਪੱਛਮੀ ਏਸ਼ੀਆ ਦੀ ਜੰਗ ਦਾ ਪ੍ਰਭਾਵ ਵਜੋਂ ਤੇਲ ਕੰਪਨੀਆਂ ਨੇ ਪੰਜਾਬ ’ਚ ਤੇਲ ਪੰਪ ਡੀਲਰਾਂ ਨੂੰ ਹੱਥ ਘੁੱਟ ਕੇ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਪੰਪ ਡੀਲਰ ਖ਼ਫ਼ਾ ਹੋ ਗਏ ਹਨ। ਇੱਕ ਤੇਲ ਕੰਪਨੀ ਨੇ ਜਲੰਧਰ ਦੇ ਤੇਲ ਡਿਪੂ ਤੋਂ ਸਪਲਾਈ ਨਾਮਾਤਰ ਹੀ ਕਰ ਦਿੱਤੀ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਸੂਬੇ ’ਚ ਤੇਲ ਦੇ ਉੱਭਰ ਸੰਕਟ ਤੋਂ ਜਾਣੂ ਕਰਾਇਆ ਹੈ।

ਵੇਰਵਿਆਂ ਅਨੁਸਾਰ ਪੰਜਾਬ ’ਚ ਇਸ ਵੇਲੇ ਕਰੀਬ ਚਾਰ ਹਜ਼ਾਰ ਤੇਲ ਪੰਪ ਹਨ। ਆਮ ਦਿਨਾਂ ’ਚ ਤੇਲ ਪੰਪ ਡੀਲਰਾਂ ਨੂੰ ਤੇਲ ਕੰਪਨੀਆਂ ਤੋਂ ਪੰਜ ਦਿਨਾਂ ਲਈ ਤੇਲ ਉਧਾਰ ਮਿਲ ਜਾਂਦਾ ਸੀ ਪ੍ਰੰਤੂ ਹੁਣ ਐਡਵਾਂਸ ਅਦਾਇਗੀ ਦੇ ਬਾਵਜੂਦ ਤੇਲ ਦੀ ਸਪਲਾਈ ਲੇਟ ਹੋ ਰਹੀ ਹੈ। ਐਸੋਸੀਏਸ਼ਨ ਨੇ ਪੱਤਰ ’ਚ ਕਿਹਾ ਹੈ ਕਿ ਹਿੰਦੋਸਤਾਨ ਪੈਟਰੋਲੀਅਮ ਦੇ ਪੰਜਾਬ ਦੇ ਦਿਹਾਤੀ ਖੇਤਰ ਦੇ ਕਾਫ਼ੀ ਤੇਲ ਪੰਪ ਡਰਾਈ ਹੋ ਗਏ ਹਨ। ਇਸ ਕੰਪਨੀ ਦਾ ਜਲੰਧਰ ਡਿਪੂ ਤੋਂ ਸਪਲਾਈ ਘਟਣ ਕਾਰਨ ਮਾਝੇ ਦੁਆਬੇ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਡੀਲਰਾਂ ਦਾ ਕਹਿਣਾ ਹੈ ਕਿ ਤੇਲ ਕੰਪਨੀਆਂ ਦਾ ਕੰਮ ਪਹਿਲਾਂ ਛੁੱਟੀ ਵਾਲੇ ਦਿਨ ਵੀ ਪ੍ਰਭਾਵਿਤ ਨਹੀਂ ਹੁੰਦਾ ਸੀ ਪ੍ਰੰਤੂ ਹੁਣ ਦੋ ਤੋਂ ਤਿੰਨ ਦਿਨਾਂ ਦੀ ਦੇਰੀ ਨਾਲ ਸਪਲਾਈ ਮਿਲ ਰਹੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਡੀਲਰਾਂ ਨੂੰ ਜਬਰੀ ਪ੍ਰੀਮੀਅਮ ਤੇਲ ਦਿੱਤਾ ਜਾ ਰਿਹਾ ਹੈ ਜੋ ਕਿ 10 ਰੁਪਏ ਪ੍ਰਤੀ ਲੀਟਰ ਆਮ ਤੇਲ ਨਾਲੋਂ ਮਹਿੰਗਾ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਹੁਣ ਮੁਸਤੈਦੀ ਦਿਖਾਈ ਹੈ ਅਤੇ ਤੇਲ ਕੰਪਨੀਆਂ ਦੀ ਖਿਚਾਈ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੀ ਹੁਣ ਮੀਟਿੰਗਾਂ ਕਰਨ ਲੱਗੇ ਹਨ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਅਗਰ ਤੇਲ ਕੰਪਨੀਆਂ ਨੇ ਇਸੇ ਤਰ੍ਹਾਂ ਸਪਲਾਈ ਲਈ ਹੱਥ ਘੁੱਟੀ ਰੱਖਿਆ ਤਾਂ ਪੰਜਾਬ ’ਚ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

Share: