ਦੁੱਧ ਦੇ ਲਏ ਗਏ ਸਨ 204 ਸੈਂਪਲ; 68 ਟੈਸਟ ‘ਚ ਹੋਏ ਫੇਲ੍ਹ

ਦੁੱਧ ਦੇ ਲਏ ਗਏ ਸਨ 204 ਸੈਂਪਲ; 68 ਟੈਸਟ ‘ਚ ਹੋਏ ਫੇਲ੍ਹ

ਚੰਡੀਗੜ੍ਹ: ਆਪਣੀ ਅਮੀਰ ਖਾਣ-ਪੀਣ ਦੀ ਪਰੰਪਰਾ ਅਤੇ ਖ਼ਾਸ ਕਰਕੇ ਦੁੱਧ ਤੋਂ ਬਣੀਆਂ ਚੀਜ਼ਾਂ ਲਈ ਮਸ਼ਹੂਰ ਪੰਜਾਬ ਤੋਂ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਲਏ ਗਏ ਦੁੱਧ ਦੇ ਹਰ ਤਿੰਨ ਸੈਂਪਲਾਂ ਵਿੱਚੋਂ ਇੱਕ ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਿਆ ਹੈ। ਇਹ ਨਤੀਜੇ ਬੁੱਧਵਾਰ ਨੂੰ ਪੰਜਾਬ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਵੱਲੋਂ ਸਾਂਝੇ ਕੀਤੇ ਗਏ। ਦੁੱਧ ਸੈਂਪਲਿੰਗ ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਲਏ ਗਏ ਦੁੱਧ ਦੇ 204 ਸੈਂਪਲਾਂ ਵਿੱਚੋਂ 68 ਸੈਂਪਲ ਟੈਸਟਾਂ ਵਿੱਚ ਫੇਲ੍ਹ ਹੋ ਗਏ ਹਨ। ਦੁੱਧ ਦਾ ਇੱਕ ਸੈਂਪਲ ਪੀਣ ਲਈ ਅਸੁਰੱਖਿਅਤ ਪਾਇਆ ਗਿਆ। ਦੁੱਧ ਦੀ ਟੈਸਟਿੰਗ ਦੇ ਮਾੜੇ ਨਤੀਜੇ ਆਉਣ ਤੋਂ ਬਾਅਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਕ ਵੱਡਾ ਫ਼ੈਸਲਾ ਲਿਆ। ਉਨ੍ਹਾਂ ਨੇ ਐੱਫ ਡੀ ਏ ਪੰਜਾਬ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਦੇਖ-ਰੇਖ ਹੇਠ, ਦੁੱਧ ਦੀ ਸਪਲਾਈ ਚੇਨ ਨਾਲ ਜੁੜੀਆਂ ਵੱਖ-ਵੱਖ ਥਾਵਾਂ ‘ਤੇ ਦੋ ਦਿਨਾਂ ਲਈ ਪੂਰੇ ਸੂਬੇ ਵਿੱਚ ਪਨੀਰ ਦੇ ਸੈਂਪਲ ਭਰਨ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ।

ਡਾ. ਬਲਬੀਰ ਨੇ ਜਾਣਕਾਰੀ ਦਿੱਤੀ ਕਿ ਪੂਰੇ ਸੂਬੇ ਵਿੱਚ ਸਥਾਨਕ ਡੇਅਰੀਆਂ ਦੀ ਚੈਕਿੰਗ ਕੀਤੀ ਗਈ, ਜਿਸ ਤਹਿਤ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਡੇਅਰੀਆਂ, ਪ੍ਰੋਸੈਸਿੰਗ ਯੂਨਿਟਾਂ ਅਤੇ ਰਿਟੇਲ ਆਊਟਲੈਟਾਂ (ਦੁਕਾਨਾਂ) ਤੋਂ ਪਨੀਰ ਦੇ 211 ਸੈਂਪਲ ਇਕੱਠੇ ਕੀਤੇ ਗਏ।

ਸਿਹਤ ਮੰਤਰੀ ਨੇ ਕਿਹਾ, “ਇਕੱਠੇ ਕੀਤੇ ਗਏ ਸੈਂਪਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਿਲਾਵਟ, ਪ੍ਰਦੂਸ਼ਣ (ਦੂਸ਼ਿਤ ਤੱਤਾਂ) ਦਾ ਪਤਾ ਲਗਾਉਣ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਲਈ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ ਵਿੱਚ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ।”

ਸਖ਼ਤ ਚਿਤਾਵਨੀ ਜਾਰੀ ਕਰਦਿਆਂ ਉਨ੍ਹਾਂ ਕਿਹਾ, “ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਫੂਡ ਬਿਜ਼ਨਸ ਆਪਰੇਟਰ (FBO) ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਪ੍ਰਬੰਧਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”

ਡਾ. ਬਲਬੀਰ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਅਤੇ ਭੋਜਨ ਵਿੱਚ ਮਿਲਾਵਟਖੋਰੀ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਕਰਕੇ ਇਸ ਮਿਸ਼ਨ ਵਿੱਚ ਭਾਈਵਾਲ ਵਜੋਂ ਕੰਮ ਕਰਨ ਦੀ ਅਪੀਲ ਕੀਤੀ।

ਉੱਥੇ ਹੀ ਐੱਫ ਡੀ ਏ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਫੂਡ ਸੇਫਟੀ ਅਫ਼ਸਰ (FSOs) ਸਿਰਫ਼ ਕਾਨੂੰਨੀ ਕਾਰਵਾਈ ਹੀ ਨਹੀਂ ਕਰ ਰਹੇ, ਸਗੋਂ ਕਾਰੋਬਾਰੀਆਂ ਨੂੰ ਸਾਫ਼-ਸਫ਼ਾਈ ਨਾਲ ਕੰਮ ਕਰਨ ਅਤੇ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ (ਸਾਂਭਣ) ਬਾਰੇ ਜਾਗਰੂਕ ਵੀ ਕਰ ਰਹੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਕੀਤਾ ਜਾ ਸਕਦਾ, ਇਸ ਲਈ ਡੇਅਰੀ ਖੇਤਰ ਵਿੱਚ ਉੱਚੇ ਮਾਪਦੰਡ ਅਤੇ ਕੁਆਲਿਟੀ ਬਣਾਈ ਰੱਖਣ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ।

Share: