ਜੈਪੁਰ : ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡੇ ਗਏ ਆਈ.ਪੀ.ਐੱਲ. 2026 ਮੁਕਾਬਲੇ ਵਿੱਚ ਵੈਭਵ ਸੂਰਿਆਵੰਸ਼ੀ ਦੀ ਤੇਜ਼ ਤਰਾਰ ਪਾਰੀ, ਯਸ਼ੱਸਵੀ ਜੈਸਵਾਲ ਅਤੇ ਧਰੁਵ ਜੁਰੇਲ ਦੇ ਅਹਿਮ ਯੋਗਦਾਨ ਦੀ ਬਦੌਲਤ ਰਾਜਸਥਾਨ ਰੌਇਲਜ਼ (RR) ਨੇ ਲਖਨਊ ਸੁਪਰ ਜਾਇੰਟਸ (LSG) ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਨਾਲ ਹੀ ਰਾਜਸਥਾਨ ਰੌਇਲਜ਼ 14 ਅੰਕਾਂ ਦੇ ਨਾਲ ਆਈ.ਪੀ.ਐੱਲ. ਦੇ ਪੁਆਇੰਟਸ ਟੇਬਲ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। 221 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਲਈ ਯਸ਼ੱਸਵੀ ਜੈਸਵਾਲ ਅਤੇ ਵੈਭਵ ਸੂਰਿਆਵੰਸ਼ੀ ਨੇ ਪਾਰੀ ਦੀ ਸ਼ੁਰੂਆਤ ਕੀਤੀ। ਜੈਸਵਾਲ ਨੇ ਪਹਿਲੇ ਹੀ ਓਵਰ ਵਿੱਚ ਲਗਾਤਾਰ ਤਿੰਨ ਚੌਕੇ ਜੜ ਕੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ।
ਪਾਵਰਪਲੇਅ ਤੋਂ ਤੁਰੰਤ ਬਾਅਦ ਆਕਾਸ਼ ਸਿੰਘ ਨੇ ਰਾਜਸਥਾਨ ਨੂੰ ਪਹਿਲਾ ਝਟਕਾ ਦਿੰਦੇ ਹੋਏ ਜੈਸਵਾਲ ਨੂੰ 43 ਦੌੜਾਂ ‘ਤੇ ਆਊਟ ਕਰ ਦਿੱਤਾ। 10 ਓਵਰਾਂ ਦੀ ਸਮਾਪਤੀ ‘ਤੇ ਰਾਜਸਥਾਨ ਦਾ ਸਕੋਰ 121/1 ਸੀ। ਵੈਭਵ ਸੂਰਿਆਵੰਸ਼ੀ ਆਪਣੇ ਸੈਂਕੜੇ ਤੋਂ ਖੁੰਝ ਗਿਆ ਅਤੇ ਮੋਹਸਿਨ ਖਾਨ ਨੇ ਉਸ ਨੂੰ 93 ਦੌੜਾਂ (38 ਗੇਂਦਾਂ, 10 ਛੱਕੇ, 7 ਚੌਕੇ) ਦੇ ਨਿੱਜੀ ਸਕੋਰ ‘ਤੇ ਆਊਟ ਕਰਕੇ ਲਖਨਊ ਨੂੰ ਵੱਡੀ ਸਫਲਤਾ ਦਿਵਾਈ। ਇਸ ਦੌਰਾਨ ਜੁਰੇਲ ਨੇ ਵੀ 38 ਗੇਂਦਾਂ ਵਿੱਚ 6 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ ਨਾਬਾਦ 53 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ (LSG) ਨੇ ਰਾਜਸਥਾਨ ਰੌਇਲਜ਼ (RR) ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ ‘ਤੇ 220 ਦੌੜਾਂ ਦਾ ਸਕੋਰ ਖੜ੍ਹਾ ਕਰ ਦਿੱਤਾ।
ਰਾਜਸਥਾਨ ਨੇ ਟਾਸ ਜਿੱਤ ਕੇ ਲਖਨਊ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਲਖਨਊ ਦੀ ਸ਼ੁਰੂਆਤ ਬਹੁਤ ਹੀ ਸ਼ਾਨਦਾਰ ਰਹੀ ਅਤੇ ਸਲਾਮੀ ਬੱਲੇਬਾਜ਼ਾਂ ਜੋਸ਼ ਇੰਗਲਿਸ ਅਤੇ ਮਿਸ਼ੇਲ ਮਾਰਸ਼ ਨੇ ਪਹਿਲੇ 3 ਓਵਰਾਂ ਵਿੱਚ ਹੀ ਟੀਮ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 38 ਦੌੜਾਂ ਤੱਕ ਪਹੁੰਚਾ ਦਿੱਤਾ। ਪਾਵਰਪਲੇਅ ਦੌਰਾਨ ਇਹ ਰਫ਼ਤਾਰ ਜਾਰੀ ਰਹੀ ਅਤੇ ਚੌਕਿਆਂ-ਛੱਕਿਆਂ ਦੀ ਮਦਦ ਨਾਲ ਲਖਨਊ ਨੇ 6 ਓਵਰਾਂ ਦੀ ਸਮਾਪਤੀ ਤੱਕ ਬਿਨਾਂ ਕੋਈ ਵਿਕਟ ਗੁਆਏ 83 ਦੌੜਾਂ ਬਣਾ ਲਈਆਂ। ਇਹ ਸਕੋਰ 2026 ਦੇ ਸੀਜ਼ਨ ਵਿੱਚ ਪਹਿਲੇ 6 ਓਵਰਾਂ ਵਿੱਚ ਲਖਨਊ ਦਾ ਚੌਥਾ ਸਭ ਤੋਂ ਵੱਡਾ ਸਕੋਰ ਵੀ ਬਣ ਗਿਆ।
ਸੱਤਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਜੋਸ਼ ਇੰਗਲਿਸ ਨੇ ਮਹਿਜ਼ 30 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ, ਜੋ ਕਿ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦੇ ਕਰੀਅਰ ਦਾ ਤੀਜਾ ਅਰਧ-ਸੈਂਕੜਾ ਹੈ। ਇਸ ਤੋਂ ਬਾਅਦ ਅੱਠਵੇਂ ਓਵਰ ਦੀ ਆਖਰੀ ਗੇਂਦ ‘ਤੇ ਦੋਵਾਂ ਓਪਨਰਾਂ ਨੇ 100 ਦੌੜਾਂ ਦੀ ਸਾਂਝੇਦਾਰੀ ਪੂਰੀ ਕਰ ਲਈ ਅਤੇ ਲਖਨਊ ਨੂੰ 105 ਦੌੜਾਂ ‘ਤੇ ਬਹੁਤ ਹੀ ਮਜ਼ਬੂਤ ਸਥਿਤੀ ਵਿੱਚ ਲਿਆ ਖੜ੍ਹਾ ਕੀਤਾ।
ਇਸ ਖ਼ਤਰਨਾਕ ਹੁੰਦੀ ਜਾ ਰਹੀ ਜੋੜੀ ਨੂੰ ਰਾਜਸਥਾਨ ਦੇ ਗੇਂਦਬਾਜ਼ ਯਸ਼ ਰਾਜ ਪੁੰਜਾ ਨੇ ਤੋੜਿਆ। ਉਸ ਨੇ ਨੌਵੇਂ ਓਵਰ ਦੀ ਦੂਜੀ ਗੇਂਦ ‘ਤੇ ਇੰਗਲਿਸ ਨੂੰ ਕਲੀਨ ਬੋਲਡ ਕਰ ਦਿੱਤਾ। ਇੰਗਲਿਸ ਨੇ 29 ਗੇਂਦਾਂ ਵਿੱਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦੇ ਆਊਟ ਹੋਣ ਨਾਲ 109 ਦੌੜਾਂ ਦੀ ਇਸ ਸ਼ਾਨਦਾਰ ਸਲਾਮੀ ਸਾਂਝੇਦਾਰੀ ਦਾ ਅੰਤ ਹੋਇਆ, ਜਿਸ ਨੇ ਸੁਪਰ ਜਾਇੰਟਸ ਦੀ ਤੂਫ਼ਾਨੀ ਸ਼ੁਰੂਆਤ ਨੂੰ ਕੁਝ ਦੇਰ ਲਈ ਰੋਕਿਆ।
18ਵੇਂ ਓਵਰ ਦੀ ਸਮਾਪਤੀ ਤੋਂ ਬਾਅਦ ਲਖਨਊ ਨੇ 200 ਦੌੜਾਂ ਦਾ ਅੰਕੜਾ ਪਾਰ ਕਰ ਲਿਆ, ਜਿਸ ਵਿੱਚ ਕਪਤਾਨ ਰਿਸ਼ਭ ਪੰਤ ਅਤੇ ਮਿਸ਼ੇਲ ਮਾਰਸ਼ ਵਿਚਕਾਰ ਤੀਜੇ ਵਿਕਟ ਲਈ ਹੋਈ 50 ਦੌੜਾਂ ਦੀ ਸਾਂਝੇਦਾਰੀ ਦਾ ਵੱਡਾ ਯੋਗਦਾਨ ਰਿਹਾ।
ਪਾਰੀ ਦੇ ਆਖਰੀ ਓਵਰ ਵਿੱਚ ਕਪਤਾਨ ਰਿਸ਼ਭ ਪੰਤ 23 ਗੇਂਦਾਂ ਵਿੱਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਇਸ ਤੋਂ ਤੁਰੰਤ ਬਾਅਦ ਮਿਸ਼ੇਲ ਮਾਰਸ਼ ਵੀ 57 ਗੇਂਦਾਂ ਵਿੱਚ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 96 ਦੌੜਾਂ ਦੀ ਬੇਹਤਰੀਨ ਪਾਰੀ ਖੇਡ ਕੇ ਰਨ ਆਊਟ ਹੋ ਗਿਆ। ਇਸ ਤਰ੍ਹਾਂ ਮਹਿਮਾਨ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 220 ਦੌੜਾਂ ਦਾ ਸਕੋਰ ਬਣਾਇਆ। ਰਾਜਸਥਾਨ ਰੌਇਲਜ਼ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਯਸ਼ ਰਾਜ ਪੁੰਜਾ ਨੇ 35 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਜੋਫਰਾ ਆਰਚਰ ਨੇ 39 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

