ਨਵੀਂ ਦਿੱਲੀ : CBI ਨੇ NEET-UG ਪੇਪਰ ਲੀਕ ਮਾਮਲੇ ਵਿੱਚ ਮਹਾਰਾਸ਼ਟਰ ਦੇ ਲਾਤੂਰ ਵਿਚਲੇ ਕੋਚਿੰਗ ਸੈਂਟਰ ਦੇ ਬਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰੇਣੁਕਾਈ ਕਰੀਅਰ ਸੈਂਟਰ ਦੇ ਬਾਨੀ ਸ਼ਿਵਰਾਜ ਰਘੂਨਾਥ ਮੋਟੇਗਾਓਂਕਰ ਨੂੰ ਐਤਵਾਰ ਸ਼ਾਮੀਂ ਲਾਤੂਰ ਤੋਂ ਕਾਬੂ ਕੀਤਾ ਗਿਆ। ਏਜੰਸੀ ਮੁਤਾਬਕ ਮੁਲਜ਼ਮ ਨੂੰ ਪੇਪਰ ਤੋਂ ਦਸ ਦਿਨ ਪਹਿਲਾਂ ਪ੍ਰੀਖਿਆ ’ਚ ਆਉਣ ਵਾਲੇ ਸਵਾਲ-ਜਵਾਬ ਮਿਲ ਗਏ ਸਨ। ਮੁਲਜ਼ਮ ਨੂੰ ਦਿੱਲੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨੌਂ ਦਿਨਾ ਸੀ ਬੀ ਆਈ ਰਿਮਾਂਡ ’ਤੇ ਭੇਜ ਦਿੱਤਾ ਹੈ। ਨੀਟ-ਯੂ ਜੀ ਦਾ ਪੇਪਰ ਲੀਕ ਹੋਣ ਕਰ ਕੇ 3 ਮਈ ਨੂੰ ਲਈ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਪ੍ਰੀਖਿਆ ਹੁਣ 21 ਜੂਨ ਨੂੰ ਨਵੇਂ ਸਿਰਿਓਂ ਲਈ ਜਾ ਰਹੀ ਹੈ।
ਸੀ ਬੀ ਆਈ ਨੇ ਦਾਅਵਾ ਕੀਤਾ ਕਿ ਮੋਟੇਗਾਓਂਕਰ ਨੀਟ-ਯੂ ਜੀ ਪ੍ਰੀਖਿਆ ਦੇ ਸਵਾਲ ਲੀਕ ਤੇ ਅੱਗੇ ਸਰਕੁਲੇਟ ਕਰਨ ਵਿੱਚ ਸ਼ਾਮਲ ਸੀ ਅਤੇ ਉਸ ਨੇ ਹੋਰਨਾਂ ਮੁਲਜ਼ਮਾਂ ਨਾਲ ਮਿਲ ਕੇ ਸਾਜ਼ਿਸ਼ ਘੜੀ। ਉਸ ਨੂੰ ਪ੍ਰੀਖਿਆ ਤੋਂ 10 ਦਿਨ ਪਹਿਲਾਂ 23 ਅਪਰੈਲ ਨੂੰ ਕੈਮਿਸਟਰੀ ਦੇ ਸਵਾਲ ਤੇ ਉਨ੍ਹਾਂ ਦੇ ਜਵਾਬ ਮਿਲ ਗਏ ਸਨ। ਅਧਿਕਾਰੀਆਂ ਮੁਤਾਬਕ ਮੋਟੇਗਾਓਂਕਰ ਪੇਪਰ ਲੀਕ ਮਾਮਲੇ ’ਚ ਸ਼ਾਮਲ ਕਥਿਤ ‘ਸੰਗਠਿਤ ਗਰੋਹ ਦਾ ਸਰਗਰਮ ਮੈਂਬਰ’ ਸੀ। ਉਸ ਦੇ ਕੋਚਿੰਗ ਸੈਂਟਰ ਦੀਆਂ 9 ਬਰਾਂਚਾਂ ਹਨ, ਜਿਸ ਵਿੱਚ ਲਾਤੂਰ ਦੀ ਮੁੱਖ ਸ਼ਾਖਾ ਵੀ ਸ਼ਾਮਲ ਹੈ। ਉਹ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੈਮਿਸਟਰੀ ਲੈਕਚਰਾਰ ਪੀ ਵੀ ਕੁਲਕਰਨੀ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ।
ਸੀ ਬੀ ਆਈ ਨੇ ਦਾਅਵਾ ਕੀਤਾ ਕਿ ਲੀਕ ਹੋਏ ਪ੍ਰਸ਼ਨ ਮੁਲਜ਼ਮ ਦੇ ਮੋਬਾਈਲ ਫੋਨ ’ਚੋਂ ਮਿਲੇ ਹਨ। ਸੀ ਬੀ ਆਈ ਨੇ ਪਿਛਲੇ 24 ਘੰਟਿਆਂ ਦੌਰਾਨ ਪੰਜ ਵੱਖ ਵੱਖ ਟਿਕਾਣਿਆਂ ਉੱਤੇ ਮਾਰੇ ਛਾਪਿਆਂ ਦੌਰਾਨ ਅਹਿਮ ਦਸਤਾਵੇਜ਼, ਲੈਪਟਾਪ ਤੇ ਮੋਬਾਈਲ ਫੋਨ ਜ਼ਬਤ ਕੀਤੇ ਹਨ। ਏਜੰਸੀ ਨੇ ਹੁਣ ਤੱਕ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਤੇ ਅਹਿਲਿਆਨਗਰ ਤੋਂ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਦੌਰਾਨ, ਮੋਟੇਗਾਓਂਕਰ ਦੀ ਗ੍ਰਿਫ਼ਤਾਰੀ ਮਗਰੋਂ ਸ਼ਿਵ ਸੈਨਾ ਨੇ ਅੱਜ ਲਾਤੂਰ ਵਿੱਚ ਰੇਣੂਕਾਈ ਕਰੀਅਰ ਸੈਂਟਰ ਦੇ ਹੈੱਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਪਾਰਟੀ ਨੇ ਸੈਂਟਰ ਦੇ ਸਾਈਨਬੋਰਡਾਂ ਉੱਤੇ ਸ਼ਿਆਹੀ ਸੁੱਟੀ ਤੇ ਮੋਟੇਗਾਓਂਕਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਦਾ ਦੋਸ਼ ਲਾਇਆ। ਸੈਂਟਰ ਦੇ ਬਾਹਰ ਵਿਦਿਆਰਥੀਆਂ ਤੇ ਮਾਪਿਆਂ ਸਣੇ ਹਜੂਮ ਦੇ ਇਕੱਠਾ ਹੋਣ ਕਰ ਕੇ ਉਥੇ ਪੁਲੀਸ ਤਾਇਨਾਤ ਕਰਨੀ ਪਈ।
ਪ੍ਰਧਾਨ ਖਿਲਾਫ਼ ਰਾਜ ਸਭਾ ’ਚ ਵਿਸ਼ੇਸ਼ ਮਰਿਆਦਾ ਨੋਟਿਸ
ਨਵੀਂ ਦਿੱਲੀ: ਰਾਜ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਜੈਰਾਮ ਰਮੇਸ਼ ਨੇ ਸੰਸਦੀ ਕਮੇਟੀ ਖ਼ਿਲਾਫ਼ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਲਈ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਖਿਲਾਫ਼ ਸੰਸਦ ’ਚ ਵਿਸ਼ੇਸ਼ ਮਰਿਆਦਾ ਨੋਟਿਸ ਦਿੱਤਾ ਹੈ। ਨੋਟਿਸ ਮੁਤਾਬਕ ਪ੍ਰਧਾਨ ਨੇ ਨੀਟ-ਯੂ ਜੀ ਪੇਪਰ ਲੀਕ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸੰਸਦੀ ਕਮੇਟੀ ਖਿਲਾਫ਼ ‘ਅਪਮਾਨਜਨਕ’ ਟਿੱਪਣੀਆਂ ਕਰ ਕੇ ਕਥਿਤ ਸੰਸਦ ਦਾ ਮਾਣ ਘਟਾਇਆ ਹੈ।
ਸੰਸਦੀ ਕਮੇਟੀ ਵੱਲੋਂ ਐੱਨ ਟੀ ਏ ਮੁਖੀ ਤਲਬ
ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਕੌਮੀ ਟੈਸਟਿੰਗ ਏਜੰਸੀ (ਐੱਨ ਟੀ ਏ) ਵਿੱਚ ਸੁਧਾਰਾਂ ਨੂੰ ਲਾਗੂ ਕਰਨ ਦੇ ਅਮਲ ਅਤੇ ਨੀਟ ਯੂ ਜੀ 2026 ਪੇਪਰ ਲੀਕ ਕੇਸ ਉੱਤੇ ਨਜ਼ਰਸਾਨੀ ਦਾ ਫੈਸਲਾ ਕੀਤਾ ਹੇੈ। ਕਮੇਟੀ ਨੇ ਵਿਚਾਰ ਵਟਾਂਦਰੇ ਲਈ ਐੱਨ ਟੀ ਏ ਦੇ ਚੇਅਰਪਰਸਨ ਪ੍ਰਦੀਪ ਕੁਮਾਰ ਜੋਸ਼ੀ ਤੇ ਹੋਰਨਾਂ ਅਫਸਰਾਂ ਨੂੰ ਤਲਬ ਕੀਤਾ ਹੈ। ਸਿੱਖਿਆ, ਮਹਿਲਾਵਾਂ, ਬੱਚਿਆਂ, ਨੌਜਵਾਨਾਂ ਤੇ ਖੇਡਾਂ ਬਾਰੇ ਸੰਸਦੀ ਕਮੇਟੀ ਕਥਿਤ ਪੇਪਰ ਲੀਕ ਤੇ ਐੱਨ ਟੀ ਏ ’ਚ ਸੁਧਾਰਾਂ ਬਾਰੇ ਸਿੱਖਿਆ ਮੰਤਰਾਲੇ ਦੇ ਸਿਖਰਲੇ ਅਫ਼ਸਰਾਂ ਦੇ ਵਿਚਾਰ ਜਾਣੇਗੀ। ਕਾਂਗਰਸ ਆਗੂ ਦਿਗਵਿਜੈ ਸਿੰਘ ਦੀ ਅਗਵਾਈ ਵਾਲੀ ਕਮੇਟੀ ਨੇ ਉੱਚ ਸਿੱਖਿਆ, ਸਿੱਖਿਆ ਮੰਤਰਾਲੇ ’ਚ ਸਕੱਤਰ ਵਿਨੀਤ ਜੋਸ਼ੀ ਨੂੰ ਵੀ ਤਲਬ ਕੀਤਾ ਹੈ।

