ਚੰਡੀਗੜ੍ਹ : Cabinet Minister Sanjeev Arora ਅੱਜ ਉਦਾਸ ਨਜ਼ਰ ਆਏ। ਅੱਖਾਂ ’ਚ ਹੰਝੂ ਸਨ ਤੇ ਚਿਹਰੇ ’ਤੇ ਨਮੋਸ਼ੀ। ਪਹਿਲੀ ਨਜ਼ਰੇ ਉਹ ਪਛਤਾਵੇ ’ਚ ਘਿਰੇ ਨਜ਼ਰ ਆਏ। ਅਰੋੜਾ ਕੁੜਤੇ ਪਜਾਮੇ ’ਚ ਗੁੜਗਾਓਂ ਅਦਾਲਤ ਦੇ ਬਾਹਰ ਪੁੱਜੇ ਤਾਂ ਉਹ ਆਪਣੀ ਧੀ ਅਤੇ ਭਤੀਜੀ ਨੂੰ ਦੇਖ ਕੇ ਭਾਵੁਕ ਹੋ ਗਏ। ਉਹ ਦੋਵੇਂ ਵੀ ਹੰਝੂਆਂ ਨੂੰ ਰੋਕ ਨਾ ਸਕੀਆਂ, ਸਿਵਾਏ ਦਿਲਾਸੇ ਤੋਂ ਸੰਜੀਵ ਅਰੋੜਾ ਕੋਲ ਕੁੱਝ ਨਹੀਂ ਸੀ। ਇਹ ਸੰਖੇਪ ਮਿਲਣੀ ਬੇਹੱਦ ਭਾਵੁਕ ਸੀ। ਕੋਲ ਬੈਠੀ ਪਤਨੀ ਨੇ ਢਾਰਸ ਦਿੱਤੀ। ਸੰਜੀਵ ਅਰੋੜਾ ਨੂੰ ਅਦਾਲਤ ਦੇ ਬਾਹਰ ਅੱਜ ਨਾ ਕੋਈ ‘ਆਪ’ ਆਗੂ ਨਜ਼ਰ ਆਇਆ, ਨਾ ਕੋਈ ਵਲੰਟੀਅਰ। ਇਸ ਔਖੀ ਘੜੀ ’ਚ ਸਿਰਫ਼ ਖ਼ਾਸ ਦੋਸਤ ਮੌਜੂਦ ਸਨ।
ਜਦੋਂ ਸੰਜੀਵ ਅਰੋੜਾ ਖ਼ੁਦ ਸੱਤਾ ਦੀ ਕੁਰਸੀ ’ਤੇ ਸਨ ਤਾਂ ਉਹ ਆਮ ਲੋਕਾਂ ਨੂੰ ਪਛਾਣਦੇ ਨਹੀਂ ਸਨ ਅਤੇ ਅੱਜ ਉਹ ਖ਼ੁਦ ਬੇਪਛਾਣ ਨਜ਼ਰ ਆਏ। ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਕੇਸ ’ਚ ਸੰਜੀਵ ਅਰੋੜਾ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਆਮ ਆਦਮੀ ਪਾਰਟੀ ਨੇ ਗ੍ਰਿਫ਼ਤਾਰੀ ਮਗਰੋਂ ਸਮੁੱਚੇ ਪੰਜਾਬ ’ਚ ਮੁਜ਼ਾਹਰੇ ਕੀਤੇ। ਉਸ ਮਗਰੋਂ ‘ਆਪ’ ਵੱਲੋਂ ਸੰਜੀਵ ਅਰੋੜਾ ਦੀ ਕਿਧਰੇ ਕੋਈ ਚਰਚਾ ਨਹੀਂ ਸੁਣੀ ਗਈ। ਗ੍ਰਿਫ਼ਤਾਰੀ ਤੋਂ ਐਨ ਪਹਿਲਾਂ ਤੱਕ ਸੰਜੀਵ ਅਰੋੜਾ ‘ਪਾਵਰਫੁੱਲ’ ਸੀ। ਜਦੋਂ ਰਾਜ ਸਭਾ ਮੈਂਬਰ ਬਣੇ ਤਾਂ ‘ਆਪ’ ’ਤੇ ਉਂਗਲ ਉੱਠੀ ਕਿ ਆਮ ਦੀ ਥਾਂ ਖ਼ਾਸ ਨੂੰ ਰਾਜ ਸਭਾ ਭੇਜਿਆ। ਫਿਰ ਰਾਜ ਸਭਾ ਸੀਟ ਖ਼ਾਲੀ ਕੀਤੀ ਤੇ ਲੁਧਿਆਣਾ ਤੋਂ ਜ਼ਿਮਨੀ ਚੋਣ ਲੜੀ, ਜਿੱਤ ਝੋਲੀ ਪਈ। ਬਿਨਾਂ ਦੇਰੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਦਯੋਗ ਮੰਤਰੀ ਵਜੋਂ ਸੰਜੀਵ ਅਰੋੜਾ ਮੁੱਖ ਮੰਤਰੀ ਨਾਲ ਵਿਦੇਸ਼ ਦੌਰਿਆਂ ’ਤੇ ਗਏ ਅਤੇ ਨਿਵੇਸ਼ ਲਿਆਉਣ ਦਾ ਦਾਅਵਾ ਕੀਤਾ।
ਸੰਜੀਵ ਅਰੋੜਾ ਵੱਲੋਂ ਬਤੌਰ ਬਿਜਲੀ ਮੰਤਰੀ ਲਏ ਫ਼ੈਸਲੇ ਵਿਵਾਦਿਤ ਰਹੇ। ਪਾਵਰਕੌਮ ’ਚ ਕਾਬਿਲ ਤੇ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਰਜੀਤ ਸਿੰਘ, ਜੋ ਡਾਇਰੈਕਟਰ (ਜੈਨਰੇਸ਼ਨ) ਸਨ, ਨੂੰ ਸੰਜੀਵ ਅਰੋੜਾ ਨੇ ਇਲਜ਼ਾਮ ਲਗਾ ਕੇ ਹਟਾਇਆ। ਨਵੇਂ ਡਾਇਰੈਕਟਰ ਲਾਉਣ ਲਈ ਕੈਬਨਿਟ ਤੋਂ ਸ਼ਰਤਾਂ ਮੋਕਲੀਆਂ ਕਰਾ ਲਈਆਂ। ਪਾਵਰਕੌਮ ਦਾ ਚੇਅਰਮੈਨ ਲਗਾਏ ਜਾਣ ਲਈ ਵੀ ਸ਼ਰਤ ਤਬਦੀਲ ਕੀਤੀ ਗਈ।
ਸੰਜੀਵ ਅਰੋੜਾ ਨੇ ਜਦੋਂ ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਦੀ ਮੁਹਿੰਮ ਵਿੱਢੀ ਸੀ ਤਾਂ ਉਦੋਂ ਸਮੁੱਚੇ ਪੰਜਾਬ ’ਚ ਰੌਲਾ ਪੈ ਗਿਆ। ਅਰੋੜਾ ਦੇ ਫ਼ੈਸਲਿਆਂ ’ਤੇ ਉਂਗਲ ਉੱਠਦੀ ਰਹੀ। ਗੁੜਗਾਓਂ ਅਦਾਲਤ ਦੇ ਬਾਹਰ ਸੰਜੀਵ ਅਰੋੋੜਾ ਤੇ ਉਸ ਦੀ ਪਰਿਵਾਰ ਨਾਲ ਮਿਲਣੀ ਭਾਵੁਕ ਕਰਨ ਵਾਲੀ ਸੀ। ਇਹ ਪਲ ਚੇਤੇ ਕਰਾਉਂਦੇ ਸਨ ਕਿ ਸਮੇਂ ਦੇ ਗੇੜ ’ਚ ਬਹੁਤ ਤਾਕਤ ਹੈ। ਇੱਕੋ ਝਟਕੇ ਨੇ ਸੰਜੀਵ ਅਰੋੜਾ ਨੂੰ ਅਰਸ਼ ਤੋਂ ਫ਼ਰਸ਼ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਸੰਜੀਵ ਅਰੋੜਾ ਨੂੰ ਸ਼ੂਗਰ ਵੀ ਹੈ ਅਤੇ ਕੁਝ ਅਰਸਾ ਪਹਿਲਾਂ ਉਹ ਕਰੀਬ ਇੱਕ ਹਫ਼ਤਾ ਫੋਰਟਿਸ ਹਸਪਤਾਲ ’ਚ ਦਾਖਲ ਵੀ ਰਹੇ ਸਨ।
ਕਰੀਬ ਤਿੰਨ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਸੀ ਜਦੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਮਗਰੋਂ ਸੁੰਦਰ ਸ਼ਾਮ ਅਰੋੜਾ ਆਪਣੇ ਹੰਝੂ ਰੋਕ ਨਹੀਂ ਸਕੇ ਸਨ। ਉਸ ਦੇ ਪਰਿਵਾਰਕ ਮੈਂਬਰ ਕੋਲ ਖੜ੍ਹੇ ਦਿਲਾਸਾ ਦਿੰਦੇ ਰਹੇ ਸਨ।
ਸੰਜੀਵ ਅਰੋੜਾ ਨੂੰ 14 ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ
ਗੁਰੂਗ੍ਰਾਮ: ਸਥਾਨਕ ਸੈਸ਼ਨ ਕੋਰਟ ਨੇ ਕਥਿਤ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ’ਚ ਗ੍ਰਿਫ਼ਤਾਰ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਈ ਡੀ ਨੇ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਅਰੋੜਾ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ। ਮੰਤਰੀ ਨੂੰ ਹੁਣ 1 ਜੂਨ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਸੁਣਵਾਈ ਵਰਚੁਅਲੀ ਹੋਵੇਗੀ। ਅਧਿਕਾਰੀਆਂ ਮੁਤਾਬਕ ਅਰੋੜਾ ਤੋਂ ਪੁੱਛ-ਪੜਤਾਲ ਦਾ ਅਮਲ ਪੂਰਾ ਹੋ ਗਿਆ ਹੈ ਤੇ ਈ ਡੀ ਨੇ ਹੁਣ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ਖਿੱਚ ਲਈ ਹੈ।

