ਮਾਸਕੋ: ਰੂਸ ਨੇ ਰਾਤੋ-ਰਾਤ ਯੂਕਰੇਨ ’ਤੇ ਡਰੋਨ, ਹਵਾਈ ਹਮਲੇ ਅਤੇ ਗੋਲਾਬਾਰੀ ਕੀਤੀ। ਇਨ੍ਹਾਂ ਹਮਲਿਆਂ ਵਿੱਚ ਦੱਖਣ ਦੇ ਓਡੇਸਾ ਅਤੇ ਦੱਖਣ-ਪੂਰਬ ਦੇ ਦਿਨਪਰੋ ਵਰਗੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਨੇ ਰਾਤੋ-ਰਾਤ ਕੀਤੇ ਆਪਣੇ ਤਾਜ਼ਾ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ ਯੂਕਰੇਨ ਦੇ ਅੱਠ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ ਤਿੰਨ ਬੱਚਿਆਂ ਸਣੇ ਦੋ ਦਰਜਨ ਤੋਂ ਵੱਧ ਨਾਗਰਿਕ ਜ਼ਖਮੀ ਹੋਏ ਹਨ। ਜ਼ੇਲੈਂਸਕੀ ਨੇ ਦੱਸਿਆ ਕਿ ਰੂਸੀ ਫੌਜਾਂ ਨੇ 524 ਹਮਲਾਵਰ ਡਰੋਨ ਅਤੇ 22 ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦਾਗੀਆਂ।
ਸਥਾਨਕ ਫੌਜੀ ਪ੍ਰਸ਼ਾਸਨ ਦੇ ਮੁਖੀ ਸਰਹੀ ਲਿਸਾਕ ਨੇ ਮੈਸੇਜਿੰਗ ਐਪ ਟੈਲੀਗ੍ਰਾਮ ’ਤੇ ਦੱਸਿਆ ਕਿ ਮੁੱਖ ਬਲੈਕ ਸੀ (ਕਾਲਾ ਸਾਗਰ) ਬਰਾਮਦ ਬੰਦਰਗਾਹ ਓਡੇਸਾ ਵਿੱਚ ਡਰੋਨਾਂ ਨੇ ਰਿਹਾਇਸ਼ੀ ਇਮਾਰਤਾਂ, ਇੱਕ ਸਕੂਲ ਅਤੇ ਇੱਕ ਕਿੰਡਰਗਾਰਟਨ (ਬਾਲਵਾੜੀ) ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਮਲੇ ਵਿੱਚ ਇੱਕ 11 ਸਾਲ ਦਾ ਲੜਕਾ ਅਤੇ ਇੱਕ 59 ਸਾਲ ਦਾ ਵਿਅਕਤੀ ਜ਼ਖ਼ਮੀ ਹੋਏ ਹਨ। ਖੇਤਰੀ ਗਵਰਨਰ ਓਲੇਕਜ਼ੈਡਰ ਹਾਂਜ਼ਾ ਨੇ ਟੈਲੀਗ੍ਰਾਮ ’ਤੇ ਦੱਸਿਆ ਕਿ ਇੱਕ ਵੱਖਰੇ ਹਮਲੇ ਵਿੱਚ ਰੂਸ ਨੇ ਦੱਖਣ-ਪੂਰਬੀ ਯੂਕਰੇਨੀ ਸ਼ਹਿਰ ਦਿਨਪਰੋ ’ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਵਿੱਚ 18 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਦੋ ਬੱਚੇ (ਇੱਕ ਦੋ ਸਾਲ ਦੀ ਬੱਚੀ ਅਤੇ ਇੱਕ 10 ਸਾਲ ਦਾ ਲੜਕਾ) ਵੀ ਸ਼ਾਮਲ ਹਨ। ਦੱਖਣ-ਪੂਰਬੀ ਖੇਤਰ ਜ਼ਾਪੋਰਿਜ਼ੀਆ ਦੇ ਖੇਤਰੀ ਗਵਰਨਰ ਇਵਾਨ ਫੈਦੋਰੋਵ ਨੇ ਟੈਲੀਗ੍ਰਾਮ ’ਤੇ ਦੱਸਿਆ ਕਿ ਰਾਤੋ-ਰਾਤ ਹੋਏ ਹਮਲਿਆਂ ਤੋਂ ਬਾਅਦ ਉੱਥੇ ਤਿੰਨ ਵਿਅਕਤੀ ਜ਼ਖਮੀ ਹੋਏ ਹਨ। ਖੇਤਰੀ ਗਵਰਨਰ ਓਲੈਕਜ਼ੈਡਰ ਪ੍ਰੋਕੁਦਿਨ ਨੇ ਟੈਲੀਗ੍ਰਾਮ ’ਤੇ ਦੱਸਿਆ ਕਿ ਦੱਖਣੀ ਖੇਤਰ ਖਰਸੋਨ ਵਿੱਚ ਹੋਏ ਹਮਲਿਆਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਨੌਂ ਲੋਕ ਜ਼ਖਮੀ ਹੋ ਗਏ। ਇੰਟਰਫੈਕਸ ਨਿਊਜ਼ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਦੇ ਅੰਦਰ, ਦੱਖਣ ਵਿੱਚ ਰੋਸਤੋਵ ਅਤੇ ਬੈਲਗੋਰੋਦ ਵਰਗੇ ਖੇਤਰਾਂ ਵਿੱਚ ਰਾਤੋ-ਰਾਤ ਡਰੋਨਾਂ ਨੂੰ ਮਾਰ ਡੇਗਿਆ ਗਿਆ।

