ਰਾਏਕੋਟ (ਮਨੀਸ਼ ਰਿਹਾਨ): ਪਰਥ (ਆਸਟਰੇਲੀਆ) ਵਿੱਚ ਹਾਦਸੇ ’ਚ ਰਾਏਕੋਟ ਸ਼ਹਿਰ ਦੀ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਪਛਾਣ ਕੋਮਲਪ੍ਰੀਤ ਕੌਰ (19) ਪੁੱਤਰੀ ਸੂਬੇਦਾਰ ਅਮਰੀਕ ਸਿੰਘ ਵਜੋਂ ਹੋਈ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਮਲਪ੍ਰੀਤ ਕੌਰ ਨੂੰ ਨਰਸਿੰਗ ਦੇ ਕੋਰਸ ਲਈ ਆਸਟਰੇਲੀਆ ਦੇ ਸਟੈਨਲੇ ਕਾਲਜ ’ਚ ਦਾਖਲਾ ਮਿਲਿਆ ਸੀ। ਉਹ ਕੈਨਿੰਗਵੇਲ ਇਲਾਕੇ ’ਚ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰਦੀ ਸੀ। ਸ਼ਨਿਚਰਵਾਰ ਨੂੰ ਰਾਤ ਦੀ ਡਿਊਟੀ ਉਪਰੰਤ ਕੋਮਲਪ੍ਰੀਤ ਜਦੋਂ ਪੈਦਲ ਘਰ ਵੱਲ ਜਾ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿੱਚ ਕੋਮਲਪ੍ਰੀਤ ਨੂੰ ਰੌਇਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਮਲਪ੍ਰੀਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ’ਤੇ ਕਰੀਬ 12 ਤੋਂ 14 ਹਜ਼ਾਰ ਡਾਲਰ ਦਾ ਖਰਚਾ ਹੈ ਜੋ ਪਰਿਵਾਰ ਦੀ ਸਮਰੱਥਾ ਤੋਂ ਬਾਹਰ ਹੈ। ਇਲਾਕਾ ਵਾਸੀਆਂ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਮਲਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।
Posted inLudhiana
Perth Car Accident: ਰਾਏਕੋਟ ਦੀ Komalpreet Kaur ਦੀ ਮੌਤ

