ED ਵੱਲੋਂ ਹੁਣ GMADA ਦਾ ਮੁੱਖ ਪ੍ਰਸ਼ਾਸਕ ਤਲਬ

ED ਵੱਲੋਂ ਹੁਣ GMADA ਦਾ ਮੁੱਖ ਪ੍ਰਸ਼ਾਸਕ ਤਲਬ

ਚੰਡੀਗੜ੍ਹ: ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ’ਚ ਜਾਂਚ ਦਾ ਸ਼ਿਕੰਜਾ ਕਸਦਿਆਂ ਹੁਣ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਨੂੰ ਸੋਮਵਾਰ ਨੂੰ ਜਲੰਧਰ ਦੇ ਖੇਤਰੀ ਦਫ਼ਤਰ ’ਚ ਤਲਬ ਕੀਤਾ ਹੈ। ਈ ਡੀ ਨੇ 8 ਤੇ 9 ਮਈ ਨੂੰ ਮੁਹਾਲੀ ਦੇ ਤਿੰਨ ਵੱਡੇ ਬਿਲਡਰਾਂ ਦੇ ਟਿਕਾਣਿਆਂ ਸਮੇਤ ਦਰਜਨਾਂ ਥਾਵਾਂ ’ਤੇ ਛਾਪੇ ਮਾਰੇ ਸਨ। ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇ ’ਚ ਮੁਹਾਲੀ ਦੇ ਅਹਿਮ ਪ੍ਰਾਜੈਕਟਾਂ ਸਨਟੈੱਕ ਸਿਟੀ ਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤੇ ਸੀ ਐੱਲ ਯੂ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਵਿੱਢੀ ਹੋਈ ਹੈ।

ਈ ਡੀ ਦੀ ਇਸ ਪੇਸ਼ਕਦਮੀ ਨਾਲ ਪੁੱਡਾ ਤੇ ਗਮਾਡਾ ਦੇ ਉੱਚ ਅਫ਼ਸਰਾਂ ਦੀ ਧੜਕਣ ਤੇਜ਼ ਹੋ ਰਹੀ ਹੈ। ਹਾਊਸਿੰਗ ਵਿਭਾਗ ਸ਼ੁਰੂ ਤੋਂ ਹੀ ਵਿਵਾਦਿਤ ਰਿਹਾ ਹੈ ਅਤੇ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਦਿੱਤੀਆਂ ਪ੍ਰਵਾਨਗੀਆਂ ’ਤੇ ਵੀ ਉਂਗਲ ਲਗਾਤਾਰ ਉੱਠ ਰਹੀ ਹੈ। ਈ ਡੀ ਦੇ ਜਲੰਧਰ ਦਫ਼ਤਰ ਵੱਲੋਂ ਐੱਮ ਐੱਲ ਏ ਜਾਂਚ ਦੇ ਹਵਾਲੇ ਨਾਲ ਜਾਰੀ ਸੰਮਨ ’ਚ ਗਮਾਡਾ ਦੇ ਮੁੱਖ ਪ੍ਰਸ਼ਾਸਕ ਜਾਂ ਹੋਰ ਅਧਿਕਾਰਤ ਪ੍ਰਤੀਨਿਧੀ (ਜੋ ਗਜ਼ਟਿਡ ਅਫ਼ਸਰ ਦੇ ਰੈਂਕ ਤੋਂ ਘੱਟ ਨਾ ਹੋਵੇ) ਨੂੰ ਰਿਕਾਰਡ ਸਮੇਤ ਪੇਸ਼ ਹੋਣ ਲਈ ਕਿਹਾ ਗਿਆ ਹੈ। ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਪੀ ਐੱਮ ਐੱਲ ਏ, 2002 ਅਤੇ ਭਾਰਤੀ ਨਿਆਂ ਸੰਹਿਤਾ, 2023 ਦੇ ਸਬੰਧਤ ਉਪਬੰਧਾਂ ਤਹਿਤ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

ਈ ਡੀ ਦੇ ਸੰਮਨਾਂ ਨਾਲ ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈੱਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੈ ਸਹਿਗਲ ਤੇ ਸੁਰੇਸ਼ ਕੁਮਾਰ ਬਜਾਜ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਧੀਰ ਕੰਸਟਰੱਕਸ਼ਨ ਦੇ ਪ੍ਰਮੋਟਰ ਗੌਰਵ ਧੀਰ ਸਮੇਤ ਕਥਿਤ ਦਲਾਲ ਨਿਤਿਨ ਗੋਇਲ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਈ ਡੀ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਦਿੱਤੀਆਂ ਪ੍ਰਵਾਨਗੀਆਂ ਅਤੇ ਗਮਾਡਾ ਨਾਲ ਹੋਏ ਲੈਣ ਦੇਣ ਸਬੰਧੀ ਦਸਤਾਵੇਜ਼ ਵੀ ਤਲਬ ਕੀਤੇ ਹਨ। ਇਨ੍ਹਾਂ ਪ੍ਰਾਜੈਕਟਾਂ ’ਤੇ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ’ਚ ਪੁਲੀਸ ਕੇਸ ਦਰਜ ਹਨ, ਜਦੋਂ ਈ ਡੀ ਨੇ ਛਾਪੇ ਮਾਰੇ ਸਨ ਤਾਂ ਇਨ੍ਹਾਂ ਪ੍ਰਾਜੈਕਟਾਂ ਦੀ ਛਾਣਬੀਣ ਦੌਰਾਨ ਕਰੀਬ ਇੱਕ ਕਰੋੜ ਰੁਪਏ ਜ਼ਬਤ ਕੀਤੇ ਗਏ ਸਨ। ਬਹੁਮੰਜ਼ਿਲਾ ਫਲੈਟ ਦੀ ਨੌਵੀਂ ਮੰਜ਼ਿਲ ’ਚੋਂ ਨੋਟਾਂ ਦੇ ਭਰੇ ਬੈਗ ਡਿੱਗਣ ਦੀ ਕਾਫ਼ੀ ਚਰਚਾ ਹੋਈ ਸੀ। ਈ ਡੀ ਨੇ ਬਿਆਨ ’ਚ ‘ਆਪ’ ਪ੍ਰਧਾਨ ਅਮਨ ਅਰੋੜਾ ਦੇ ਨਾਮ ਦਾ ਜ਼ਿਕਰ ਵੀ ਕੀਤਾ ਸੀ। ਅਮਨ ਅਰੋੜਾ ਦਾ ਨਾਮ ਗੌਰਵ ਧੀਰ ਨਾਲ ਜੋੜਿਆ ਗਿਆ ਸੀ।

ਈ ਡੀ ਨੇ ਇਸ ਤੋਂ ਪਹਿਲਾਂ ਜ਼ਿਲ੍ਹਾ ਮੁਹਾਲੀ ਦੀ ਮਾਜਰੀ ਤਹਿਸੀਲ ’ਚੋਂ ਜ਼ਮੀਨ ਦੀ ਵੇਚ-ਵੱਟਤ ਨਾਲ ਜੁੜੇ ਰਿਕਾਰਡ ਦੀ ਪੜਤਾਲ ਵੀ ਕੀਤੀ ਸੀ। ਏਜੰਸੀ ਘੋਖ ਕਰ ਰਹੀ ਹੈ ਕਿ ਵੱਡੇ ਬਿਲਡਰਾਂ ਨੂੰ ਲਾਭ ਦੇਣ ਲਈ ਸਰਕਾਰੀ ਖ਼ਜ਼ਾਨੇ ਨੂੰ ਕਿੰਨੀ ਕੁ ਵਿੱਤੀ ਢਾਹ ਲਾਈ ਗਈ ਹੈ।

ਚੇਅਰਮੈਨ ਬਸੰਤ ਗਰਗ ਹੁਣ 20 ਮਈ ਨੂੰ ਹੋਣਗੇ ਪੇਸ਼

ਈ ਡੀ ਨੇ ਪਾਵਰਕੌਮ ਦੇ ਚੇਅਰਮੈਨ ਬਸੰਤ ਗਰਗ ਅਤੇ ਡਾਇਰੈਕਟਰ ਹਰਸ਼ਰਨ ਕੌਰ ਤ੍ਰੇਹਨ ਨੂੰ ਪਹਿਲਾਂ ਸੋਮਵਾਰ ਲਈ ਤਲਬ ਕੀਤਾ ਸੀ, ਪਰ ਹੁਣ ਇਨ੍ਹਾਂ ਅਧਿਕਾਰੀਆਂ ਨੂੰ 20 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਜੁੜੇ ਪ੍ਰਾਜੈਕਟਾਂ ਦਾ ਰਿਕਾਰਡ ਲੈ ਕੇ ਆਉਣ ਲਈ ਕਿਹਾ ਗਿਆ ਹੈ। ਸੰਘੀ ਏਜੰਸੀਆਂ ਦੀ ਵਧ ਰਹੀ ਸਰਗਰਮੀ ਕਰ ਕੇ ਪੰਜਾਬ ਦੇ ਆਈ ਏ ਐੱਸ ਅਧਿਕਾਰੀ ਕਾਫ਼ੀ ਡਰੇ ਹੋਏ ਹਨ।

Share: