ਕਪੂਰਥਲਾ (ਮਨੀਸ਼ ਰਿਹਾਨ) : ਕਪੂਰਥਲਾ ਦੇ ਇਤਿਹਾਸਕ ਰਣਧੀਰ ਜਗਤਜੀਤ ਸਿਵਲ ਹਸਪਤਾਲ ਦੀ ਕਰੀਬ 90 ਸਾਲ ਪੁਰਾਣੀ ਬਰਤਾਨਵੀ ਦੌਰ ਦੀ ਇਮਾਰਤ ਨੂੰ ਨਵੇਂ ਮੈਡੀਕਲ ਕਾਲਜ ਦੀ ਉਸਾਰੀ ਲਈ ਢਾਹੇ ਜਾਣ ਕਾਰਨ ਇਤਿਹਾਸਕਾਰਾਂ, ਕਪੂਰਥਲਾ ਰਾਜ ਪਰਿਵਾਰ ਦੇ ਮੈਂਬਰਾਂ ਤੇ ਸਥਾਨਕ ਲੋਕਾਂ ’ਚ ਕਾਫ਼ੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਮ ’ਤੇ ਸ਼ਹਿਰ ਦੀ ਅਨਮੋਲ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਤਹਿਤ ਬਣ ਰਹੇ 275 ਕਰੋੜ ਰੁਪਏ ਦੇ ਮੈਡੀਕਲ ਕਾਲਜ ਪ੍ਰਾਜੈਕਟ ਲਈ ਪੁਰਾਣੇ ਸਿਵਲ ਹਸਪਤਾਲ ਦੀਆਂ ਦੋ ਇਮਾਰਤਾਂ ਦੇ ਕਰੀਬ 50 ਕਮਰੇ ਢਾਹ ਦਿੱਤੇ ਗਏ ਹਨ। ਇਸ ਪ੍ਰਾਜੈਕਟ ’ਚ 300 ਬੈੱਡਾਂ ਵਾਲਾ ਹਸਪਤਾਲ ਤੇ 100 ਐੱਮ ਬੀ ਬੀ ਐੱਸ ਸੀਟਾਂ ਵਾਲਾ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ, ਜੋ ਮਾਰਚ 2028 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਹਸਪਤਾਲ ਦੀ ਪਹਿਲੀ ਇਮਾਰਤ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਵੱਲੋਂ 1937 ਤੋਂ 1941 ਦਰਮਿਆਨ ਬਣਵਾਈ ਗਈ ਸੀ। ਚਾਰ ਏਕੜ ’ਚ ਫ਼ੈਲੇ ਇਸ ਹਸਪਤਾਲ ਕੰਪਲੈਕਸ ’ਚ ਤਿੰਨ ਵੱਡੇ ਬਲਾਕ ਸਨ। ਮੌਜੂਦਾ ਸਮੇਂ ਸਿਰਫ਼ ਲੇਡੀ ਲਿਨਲਿਥਗੋ ਟੀ ਬੀ ਕਲੀਨਿਕ ਵਾਲੀ ਇਮਾਰਤ ਹੀ ਬਚੀ ਹੈ, ਜਿਸ ਦਾ ਨੀਂਹ ਪੱਥਰ ਉਸ ਸਮੇਂ ਦੇ ਵਾਇਸਰਾਏ ਲਾਰਡ ਲਿਨਲਿਥਗੋ ਵੱਲੋਂ ਮਾਰਚ 1940 ਵਿੱਚ ਰੱਖਿਆ ਗਿਆ ਸੀ।
ਇਤਿਹਾਸਕਾਰ ਤੇ ਪੁਰਾਤੱਤਵ ਮਾਹਿਰ ਹਰਬੀਰ ਇੰਦਰ ਸਿੰਘ ਰੰਧਾਵਾ ਨੇ ਇਸ ਤੋੜ-ਭੰਨ ਨੂੰ ਦੁਖਦਾਈ ਕਰਾਰ ਦਿੱਤਾ ਹੈ। ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵੀ ਇਮਾਰਤ ਦੇ ਕੁਝ ਹਿੱਸੇ ਨੂੰ ਸੰਭਾਲਣ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਸਬੰਧਤ ਵਿਭਾਗ ਤੋਂ ਜਾਣਕਾਰੀ ਲਈ ਜਾ ਰਹੀ ਹੈ।
ਇਤਿਹਾਸਕਾਰਾਂ, ਰਾਜ ਪਰਿਵਾਰ ਅਤੇ ਸਥਾਨਕ ਲੋਕਾਂ ’ਚ ਰੋਸ
ਕਪੂਰਥਲਾ ਰਾਜ ਪਰਿਵਾਰ ਨਾਲ ਸਬੰਧਤ ਟਿੱਕਾ ਸ਼ਤਰੂਜੀਤ ਸਿੰਘ ਨੇ ਕਿਹਾ ਕਿ ‘ਪੈਰਿਸ ਆਫ਼ ਦਿ ਈਸਟ’ ਵਜੋਂ ਮਸ਼ਹੂਰ ਕਪੂਰਥਲਾ ਆਪਣੀ ਇਤਿਹਾਸਕ ਤੇ ਵਾਸਤੂਕਲਾ ਵਿਰਾਸਤ ਗੁਆ ਰਿਹਾ ਹੈ। ਨਵੇਂ ਮੈਡੀਕਲ ਕਾਲਜ ਲਈ ਕਿਸੇ ਹੋਰ ਥਾਂ ਦੀ ਚੋਣ ਕੀਤੀ ਜਾ ਸਕਦੀ ਸੀ। ਕਪੂਰਥਲਾ ਦੇ ਵਕੀਲ ਅਮਰਜੋਤ ਸਿੰਘ ਨੇ ਮੰਗ ਕੀਤੀ ਕਿ ਬਚੀ ਹੋਈ ਲੇਡੀ ਲਿਨਲਿਥਗੋ ਟੀ ਬੀ ਕਲੀਨਿਕ ਇਮਾਰਤ ਨੂੰ ਸੰਭਾਲ ਕੇ ਮੈਡੀਕਲ ਹੈਰੀਟੇਜ ਮਿਊਜ਼ੀਅਮ ਬਣਾਇਆ ਜਾਵੇ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਜੇ ਬਚੀ ਹੋਈ ਵਿਰਾਸਤੀ ਇਮਾਰਤ ਵੀ ਢਾਹ ਦਿੱਤੀ ਗਈ ਤਾਂ ਕਪੂਰਥਲਾ ਦੇ ਇਤਿਹਾਸ ਦਾ ਇੱਕ ਅਹਿਮ ਅਧਿਆਇ ਸਦਾ ਲਈ ਖ਼ਤਮ ਹੋ ਜਾਵੇਗਾ।

