ਚੰਡੀਗੜ੍ਹ: ਈਡੀ ਨੇ ਸ਼ੁੱਕਰਵਾਰ ਨੂੰ ਮੁਹਾਲੀ ਜ਼ਿਲ੍ਹੇ ਦੇ ਬਲਾਕ ਮਾਜਰੀ (ਨਿਊ ਚੰਡੀਗੜ੍ਹ) ਅਤੇ ਲੁਧਿਆਣਾ ਦੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਛਾਪੇ ਮਾਰੇ। ਇਹ ਕਾਰਵਾਈ ਕਥਿਤ ਬੇਨਾਮੀ ਜ਼ਮੀਨੀ ਸੌਦਿਆਂ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ। ਕੇਂਦਰੀ ਏਜੰਸੀ ਦੇ ਅਧਿਕਾਰੀ ਲੁਧਿਆਣਾ ਦੇ ਇੱਕ ਵੱਡੇ ਪ੍ਰਾਪਰਟੀ ਡੀਲਰ ਦੇ ਪੈਸੇ ਦੇ ਲੈਣ-ਦੇਣ ਅਤੇ ਜ਼ਮੀਨੀ ਸੌਦਿਆਂ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਡੀਲਰ ਨੇ ਲੈਂਡ ਪੂਲਿੰਗ ਪਾਲਿਸੀ 2025 ਦੇ ਲਾਗੂ ਹੋਣ ਤੋਂ ਪਹਿਲਾਂ ਲੁਧਿਆਣਾ ਅਤੇ ਮੁਹਾਲੀ ਵਿੱਚ ਵੱਡੇ ਨਿਵੇਸ਼ ਕੀਤੇ ਸਨ। ਸੂਤਰਾਂ ਅਨੁਸਾਰ ਇਹ ਪ੍ਰਾਪਰਟੀ ਡੀਲਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨਾਲ ਜੁੜੇ ਇੱਕ ਉੱਚ ਸਿਆਸੀ ਆਗੂ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ।
ਜਾਂਚ ਦੌਰਾਨ ਮੁੱਲਾਂਪੁਰ ਗਰੀਬਦਾਸ ਅਤੇ ਸ਼ਿੰਗਾਰੀਵਾਲਾ ਪਿੰਡਾਂ ਦੇ ਜ਼ਮੀਨੀ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਗਮਾਡਾ (GMADA) ਵੱਲੋਂ ਹਾਲ ਹੀ ਵਿੱਚ ਜ਼ਮੀਨ ਐਕੁਆਇਰ ਕੀਤੀ ਗਈ ਸੀ। ਈ.ਡੀ. ਵੱਲੋਂ ਨਿਊ ਚੰਡੀਗੜ੍ਹ ਇਲਾਕੇ ਵਿੱਚ ਵੱਡੇ ਸਿਆਸਤਦਾਨਾਂ ਅਤੇ ਉੱਚ ਅਧਿਕਾਰੀਆਂ (ਬਿਊਰੋਕਰੇਟਸ) ਵੱਲੋਂ ਕੀਤੇ ਗਏ ਕਈ ਬੇਨਾਮੀ ਸੌਦਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਉਕਤ ਬਿਲਡਰ ਨੇ ਕਈ ਅਧਿਕਾਰੀਆਂ ਦੇ ਪੈਸੇ ਨੂੰ ਬੇਨਾਮੀ ਜ਼ਮੀਨੀ ਸੌਦਿਆਂ ਵਿੱਚ ਲਗਵਾਉਣ ਵਿੱਚ ਮਦਦ ਕੀਤੀ ਸੀ। ਭਾਵੇਂ ਕਿ ਅਜੇ ਤੱਕ ਈ.ਡੀ. ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਪੁਲੀਸ ਸੂਤਰਾਂ ਮੁਤਾਬਕ ਇਹ ਛਾਪੇਮਾਰੀ ਰੀਅਲ ਅਸਟੇਟ ਵਿੱਚ ਚੱਲ ਰਹੀਆਂ ਬੇਨਿਯਮੀਆਂ ਅਤੇ ਗਲਤ ਤਰੀਕੇ ਨਾਲ ਸੀ.ਐਲ.ਯੂ. (CLU) ਮਨਜ਼ੂਰ ਕਰਵਾਉਣ ਦੇ ਮਾਮਲਿਆਂ ਨਾਲ ਜੁੜੀ ਹੋਈ ਹੈ।

