ਮਲੋਟ: ਇੱਥੇ ਤਹਿਸੀਲ ਰੋਡ ਦੇ ਸਾਹਮਣੇ ਇੱਕ ਟਰੱਕ ਵੱਲੋਂ ਮਜ਼ਦੂਰਾਂ ਦੇ ਸ਼ੈੱਡ ਵਿੱਚ ਟੱਕਰ ਮਾਰਨ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕੁਝ ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਵੇਰਵਿਆਂ ਅਨੁਸਾਰ, ਮਜ਼ਦੂਰ ਰੋਜ਼ਾਨਾ ਕੰਮ ਲਈ ਸੜਕ ਕਿਨਾਰੇ ਬਣੇ ਸ਼ੈੱਡ ਵਿੱਚ ਉਡੀਕ ਕਰ ਰਹੇ ਸਨ, ਜਦੋਂ ਡੱਬਵਾਲੀ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਸੰਤੁਲਨ ਗੁਆ ਦਿੱਤਾ ਅਤੇ ਢਾਂਚੇ ਵਿੱਚ ਟੱਕਰ ਮਾਰ ਦਿੱਤੀ। ਮਜ਼ਦੂਰ ਸੁਨੀਲ ਅਤੇ ਸੰਦੀਪ ਟਰੱਕ ਦੇ ਥੱਲੇ ਆਉਣ ਕਰਕੇ ਬੁਰੀ ਤਰ੍ਹਾਂਂ ਦਰੜੇ ਗਏ ਅਤੇ ਮਨਪ੍ਰੀਤ ਸਿੰਘ ਸਮੇਤ ਦੋ ਮਜ਼ਦੂਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਇਸ ਟੱਕਰ ਕਾਰਨ ਦੋ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੇ ਮੌਕੇ ‘ਤੇ ਪਹੁੰਚ ਕੇ ਪੁਲੀਸ ਨੂੰ ਸੂਚਿਤ ਕੀਤਾ। ਸੂਤਰਾਂ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਪੁਲੀਸ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ।
ਮੁਕਤਸਰ ਦੇ ਮੁੱਖ ਮੈਡੀਕਲ ਅਫਸਰ ਡਾ: ਸੁਨੀਲ ਬਾਂਸਲ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਮਜ਼ਦੂਰਾਂ ਨੇ ਇਕੱਠੇ ਹੋ ਕੇ ਹਾਈਵੇ ਦਾ ਇੱਕ ਪਾਸਾ ਜਾਮ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦਰੜੇ ਗਏ ਮਜ਼ਦੂਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਟਰੱਕ ਡਰਾਈਵਰ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਟਰੱਕ ਥੱਲੇ ਆਏ ਮਜ਼ਦੂਰਾਂ ਨੂੰ ਕਰੀਬ ਇੱਕ ਘੰਟੇ ਬਾਅਦ ਟਾਇਰਾਂ ਦੇ ਥੱਲਿਓ ਕੱਢਿਆ ਗਿਆ। ਇਸ ਮੰਦਭਾਗੀ ਘਟਨਾ ਤੇ ਦੁੱਖ ਵਿਅਕਤ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਮ੍ਰਿਤਕ ਮਜ਼ਦੂਰਾਂ ਨੂੰ ਉੱਚ ਮੁਆਵਜ਼ੇ ਤੋਂ ਇਲਾਵਾ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਇੰਤਜ਼ਾਮ ਕੀਤਾ ਜਾਵੇ। ਖਬਰ ਲਿਖੇ ਜਾਣ ਤੱਕ ਮਜ਼ਦੂਰਾਂ ਦਾ ਧਰਨਾ ਜਾਰੀ ਸੀ।

