Punjab MC Election: ਨਾਮਜ਼ਦਗੀ ਪ੍ਰਕਿਰਿਆ ਮੱਠੀ ਚਾਲ ਨਾਲ ਸ਼ੁਰੂ

Punjab MC Election: ਨਾਮਜ਼ਦਗੀ ਪ੍ਰਕਿਰਿਆ ਮੱਠੀ ਚਾਲ ਨਾਲ ਸ਼ੁਰੂ

ਚੰਡੀਗੜ੍ਹ: ਪੰਜਾਬ ’ਚ ਨਿਗਮ ਤੇ ਕੌਂਸਲ ਚੋਣਾਂ ਲਈ ਅੱਜ ਪਹਿਲੇ ਦਿਨ 10 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਨਿਗਮ ਤੇ ਕੌਂਸਲ ਚੋਣਾਂ ਦੇ ਕਾਗ਼ਜ਼ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਮੱਠੀ ਚਾਲ ਨਾਲ ਸ਼ੁਰੂ ਹੋਈ ਹੈ। ਕਾਗ਼ਜ਼ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਨਗਰ ਨਿਗਮ ਲਈ ਨਾਮਜ਼ਦਗੀ ਦਾਖਲ ਨਹੀਂ ਹੋਈ ਹੈ। ਪਹਿਲੇ ਦਿਨ ਨਗਰ ਕੌਂਸਲ ਜ਼ੀਰਾ ਲਈ ਪੰਜ ਅਤੇ ਨਗਰ ਕੌਂਸਲ ਮਾਲੇਰਕੋਟਲਾ ਲਈ ਇੱਕ ਨਾਮਜ਼ਦਗੀ ਪੱਤਰ ਦਾਖਲ ਹੋਇਆ ਹੈ ਜਦਕਿ ਨਗਰ ਪੰਚਾਇਤ ਕੋਟ ਈਸੇ ਖਾ ਲਈ ਤਿੰਨ ਅਤੇ ਨਗਰ ਪੰਚਾਇਤ ਭਿੱਖੀਵਿੰਡ ਲਈ ਸਿਰਫ਼ ਇੱਕ ਨਾਮਜ਼ਦਗੀ ਪੱਤਰ ਦਾਖਲ ਹੋਇਆ ਹੈ।

ਵਿਰੋਧੀ ਧਿਰਾਂ ਤਾਂ ਹਾਲੇ ਉਮੀਦਵਾਰਾਂ ਦੀ ਚੋਣ ਕਰਨ ’ਚ ਹੀ ਉਲਝੀਆਂ ਹੋਈਆਂ ਹਨ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 16 ਮਈ ਹੈ। ਗੌਰਤਲਬ ਹੈ ਕਿ ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਾਂ 26 ਮਈ ਨੂੰ ਪੈਣਗੀਆਂ ਅਤੇ ਚੋਣ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਅੱਜ ਕਾਗ਼ਜ਼ ਦਾਖਲ ਕਰਨ ਦੇ ਪਹਿਲੇ ਦਿਨ ਅੱਠ ਨਗਰ ਨਿਗਮਾਂ, 74 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ ਹੈ। ਬਰਨਾਲਾ ਨਗਰ ਨਿਗਮ ਦੀ ਐਤਕੀਂ ਪਹਿਲੀ ਚੋਣ ਹੈ ਜਿੱਥੇ ਕੋਈ ਕਾਗ਼ਜ਼ ਦਾਖਲ ਨਹੀਂ ਹੋਇਆ ਹੈ।

ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਆਪੋ-ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਕੋਲ ਟਿਕਟ ਲੈਣ ਲਈ ਚੱਕਰ ਕੱਟੇ ਜਾ ਰਹੇ ਹਨ। ਭਾਜਪਾ ਅਤੇ ‘ਆਪ’ ’ਚ ਇਸ ਵਾਰ ਕਾਫ਼ੀ ਤਲਖ਼ੀ ਹੈ ਜਿਸ ਦਾ ਅਸਰ ਕੌਂਸਲ ਚੋਣਾਂ ’ਤੇ ਵੀ ਪਵੇਗਾ। ਰਾਜ ਚੋਣ ਕਮਿਸ਼ਨਰ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧਾਂ ਦੀ ਗੱਲ ਕਹੀ ਗਈ ਹੈ ਪਰ ਇਨ੍ਹਾਂ ਚੋਣਾਂ ’ਚ ਟਕਰਾਅ ਬਣਨ ਦੀ ਸੰਭਾਵਨਾ ਹੈ ਕਿਉਂਕਿ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਹੁਤੀਆਂ ਦੂਰ ਨਹੀਂ ਹਨ। ਸਿਆਸੀ ਪਾਰਟੀਆਂ ਵੱਲੋਂ ਨਿਗਮ ਤੇ ਕੌਂਸਲ ਚੋਣਾਂ ਨੂੰ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਬਹੁਤੀਆਂ ਧਿਰਾਂ ਪਾਰਟੀ ਚੋਣ ਨਿਸ਼ਾਨ ’ਤੇ ਹੀ ਇਹ ਚੋਣਾਂ ਲੜਨਗੀਆਂ।

Share: