PSEB12th Result 2026: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਪ੍ਰੀਖਿਆਰਥੀਆਂ ਦੀ ਗਿਣਤੀ ਘਟੀ

PSEB12th Result 2026: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਪ੍ਰੀਖਿਆਰਥੀਆਂ ਦੀ ਗਿਣਤੀ ਘਟੀ

ਐੱਸ ਏ ਐੱਸ ਨਗਰ (ਮੁਹਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਰਾਜ ਦੇ ਸਰਕਾਰੀ ਸਕੂਲਾਂ ਵਿਚ ਵਿਦਿਅਕ ਵਰ੍ਹੇ 2025-26 ਦੌਰਾਨ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਰਾਜ ਦੇ 13 ਜ਼ਿਲ੍ਹਿਆਂ ’ਚ ਗਿਣਤੀ ਦਸ ਹਜ਼ਾਰ ਤੋਂ ਵੀ ਘੱਟ ਰਹੀ ਹੈ। ਬਾਰ੍ਹਵੀਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਦੇ ਰੈਗੂਲਰ ਵਿਦਿਆਰਥੀਆਂ ਸਬੰਧੀ ਪ੍ਰਾਪਤ ਅੰਕੜਿਆਂ ਅਨੁਸਾਰ ਮਾਲੇਰਕੋਟਲਾ ਵਿਚ ਸਭ ਤੋਂ ਘੱਟ ਗਿਣਤੀ 4112 ਰਹੀ ਹੈ।

ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿਚ 4929, ਐੱਸ ਬੀ ਐੱਸ ਨਗਰ ਵਿਚ 5294, ਫ਼ਤਿਹਗੜ੍ਹ ਸਾਹਿਬ ਵਿਚ 5414, ਫ਼ਰੀਦਕੋਟ ਵਿਚ 5676, ਪਠਾਨਕੋਟ ਵਿਚ 6181, ਰੂਪਨਗਰ ਵਿਚ 6360, ਕਪੂਰਥਲਾ ਵਿਚ 6691, ਐੱਸ ਏ ਐੱਸ ਨਗਰ ਵਿਚ 7775, ਮਾਨਸਾ ਵਿਚ 7826, ਮੋਗਾ ਵਿਚ 8309, ਸ੍ਰੀ ਮੁਕਤਸਰ ਸਾਹਿਬ ਵਿਚ 8343 ਅਤੇ ਫ਼ਿਰੋਜ਼ਪੁਰ ਵਿਚ 9745 ਸਰਕਾਰੀ ਸਕੂਲਾਂ ਦੇ ਰੈਗੂਲਰ ਵਿਦਿਆਰਥੀਆਂ ਨੇ ਮਾਰਚ 2026 ਦੀ ਬਾਰ੍ਹਵੀਂ ਦੀ ਪ੍ਰੀਖ਼ਿਆ ਵਿਚ ਭਾਗ ਲਿਆ ਜਿਨ੍ਹਾਂ ਜ਼ਿਲ੍ਹਿਆਂ ਵਿਚ ਦਸ ਹਜ਼ਾਰ ਤੋਂ ਵੱਧ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਰੈਗੂਲਰ ਵਿਦਿਆਰਥੀ ਵਜੋਂ ਬਾਰ੍ਹਵੀਂ ਦੀਆਂ ਪ੍ਰੀਖ਼ਿਆਵਾਂ ਵਿਚ ਬੈਠੇ ਉਨ੍ਹਾਂ ਵਿਚ ਲੁਧਿਆਣਾ ਜ਼ਿਲ੍ਹਾ ਮੋਹਰੀ ਹੈ, ਜਿਸ ਦੇ 33,468 ਵਿਦਿਆਰਥੀ ਸਨ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ 25,981, ਗੁਰਦਾਸਪੁਰ ਦੇ 19417, ਜਲੰਧਰ ਦੇ 19013, ਪਟਿਆਲਾ ਦੇ 17671, ਹੁਸ਼ਿਆਰਪੁਰ ਦੇ 15949, ਬਠਿੰਡਾ ਦੇ 12994, ਤਰਨ ਤਾਰਨ ਦੇ 11733 ਅਤੇ ਸੰਗਰੂਰ ਦੇ 9745 ਵਿਦਿਆਰਥੀ ਸ਼ਾਮਲ ਹਨ। ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚਿਆਂ ਦਾ ਝੁਕਾਅ ਸੀ ਬੀ ਐੱਸ ਈ ਬੋਰਡ ਵੱਲ ਹੋਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜੁੜੇ ਹੋਏ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ। ਹਾਲਾਂਕਿ ਅੰਕੜਿਆਂ ਅਨੁਸਾਰ ਪਿਛਲੇ ਤਿੰਨ-ਚਾਰ ਵਰ੍ਹਿਆਂ ਤੋਂ ਇਹ ਗਿਣਤੀ ਇੱਥੇ ਕੁ ਹੀ ਟਿਕੀ ਹੋਈ ਹੈ।

ਹਿੰਦੀ ਅਤੇ ਅੰਗਰੇਜ਼ੀ ਇਲੈਕਟਿਵ ਨਾਲੋਂ ਘੱਟ ਰਹੀ ਪੰਜਾਬੀ ਦੀ ਪਾਸ ਪ੍ਰਤੀਸ਼ਤਤਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਿਊਮੈਨਟੀਜ਼, ਕਾਮਰਸ, ਸਾਇੰਸ ਅਤੇ ਵੋਕੇਸ਼ਨਲ ਦੇ ਕਰੀਬ 225 ਵਿਸ਼ਿਆਂ ਦੀ ਪ੍ਰੀਖ਼ਿਆ ਲਈ। ਇਨ੍ਹਾਂ ਵਿਚੋਂ ਜ਼ਰੂਰੀ ਵਿਸ਼ਿਆਂ ਤੋਂ ਇਲਾਵਾ ਜ਼ਿਆਦਾਤਰ ਚੋਣਵੇਂ ਵਿਸ਼ੇ ਸਨ। ਅੰਗਰੇਜ਼ੀ ਜਨਰਲ ਦੀ ਪਾਸ ਪ੍ਰਤੀਸ਼ਤਤਾ 95.30 ਫ਼ੀਸਦੀ, ਪੰਜਾਬੀ ਜਨਰਲ ਦੀ 98.56 ਫ਼ੀਸਦੀ, ਪੰਜਾਬੀ ਇਲੈਕਟਿਵ ਦੀ 95.86 ਫ਼ੀਸਦੀ, ਹਿੰਦੀ ਇਲੈਕਟਿਵ ਦੀ 97.49, ਅੰਗਰੇਜ਼ੀ ਇਲੈਕਟਿਵ ਦੀ 98.76 ਫ਼ੀਸਦੀ ਰਹੀ। ਇਸੇ ਤਰ੍ਹਾਂ 148 ਵਿਦਿਆਰਥੀਆਂ ਨੇ ਉਰਦੂ ਦੀ ਪ੍ਰੀਖ਼ਿਆ ਵੀ ਦਿੱਤੀ ਅਤੇ ਸਾਰੇ ਪਾਸ ਹੋਏ। ਸੰਸਕ੍ਰਿਤ ਦੇ 137 ਵਿਦਿਆਰਥੀਆਂ ਵਿਚੋਂ 131, ਫਰੈਂਚ ਦੇ ਦੋ ਵਿਦਿਆਰਥੀਆਂ ਵਿਚੋਂ ਇੱਕ ਵਿਦਿਆਰਥੀ ਪਾਸ ਹੋਇਆ। ਹਿਸਟਰੀ ਦੀ ਪਾਸ ਪ੍ਰਤੀਸ਼ਤਤਾ 93.69 ਫ਼ੀਸਦੀ ਰਹੀ। ਸਾਇੰਸ ਦੇ ਔਖੇ ਵਿਸ਼ਿਆਂ ਵਿਚੋਂ ਵਿਦਿਆਰਥੀਆਂ ਦੀ ਪਾਸ ਦਰ ਬਹੁਤ ਵਧੀਆ ਰਹੀ। ਹਿਸਾਬ ਦੀ 98.12, ਫ਼ਿਜ਼ਿਕਸ ਦੀ 99.48, ਬਾਇਓਲਾਜੀ ਦੀ 99.60 ਫ਼ੀਸਦੀ ਪਾਸ ਦਰ ਰਹੀ। ਮੀਡੀਆ ਅਤੇ ਇੰਟਰਟੇਂਨ ਵਿਚੋਂ 76 ਦੇ 76 ਵਿਦਿਆਰਥੀ ਪਾਸ ਹੋ ਗਏ। ਮੀਡੀਆ ਸਟੱਡੀਜ਼ ਦੇ ਅੱਠ ਵਿਦਿਆਰਥੀਆਂ ਦਾ ਨਤੀਜਾ ਵੀ ਪਾਸ ਰਿਹਾ। ਸ਼ਾਰਟਹੈਂਡ ਅੰਗਰੇਜ਼ੀ, ਪੰਜਾਬੀ ਦਾ ਨਤੀਜਾ ਵੀ ਸੌ ਫ਼ੀਸਦੀ ਰਿਹਾ ਹੈ।

Share: