ਕੀਵ: ਰੂਸ ਨੇ ਬੁੱਧਵਾਰ ਨੂੰ 100 ਤੋਂ ਵੱਧ ਡਰੋਨ ਦਾਗ਼ ਕੇ ਯੂਕਰੇਨ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਕੁਝ ਸਮਾਂ ਪਹਿਲਾਂ ਮਿਜ਼ਾਈਲ ਹਮਲੇ ’ਚ 8 ਵਿਅਕਤੀ ਮਾਰੇ ਗਏ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ‘ਐਕਸ’ ’ਤੇ ਦਾਅਵਾ ਕੀਤਾ ਕਿ ਰੂਸ ਜਾਣ-ਬੁੱਝ ਕੇ ਰੇਲਵੇ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ 14 ਖ਼ਿੱਤੇ ਹਮਲਿਆਂ ਦੀ ਮਾਰ ਹੇਠ ਆਏ ਸਨ।
ਰੂਸੀ ਹਮਲਿਆਂ ਨੇ ਦਿਨਪਰੋ ਅਤੇ ਖਾਰਕੀਵ ਵਿੱਚ ਰਿਹਾਇਸ਼ੀ ਤੇ ਰੇਲਵੇ ਨੈੱਟਵਰਕ, ਓਡੇਸਾ ਵਿੱਚ ਬੰਦਰਗਾਹਾਂ ਅਤੇ ਪੋਲਤਾਵਾ ਖ਼ਿੱਤੇ ਵਿੱਚ ਊਰਜਾ ਸਹੂਲਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਜ਼ੇਲੈਂਸਕੀ ਨੇ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਦਾ ਸਮਰਥਨ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਜਦੋਂ ਵੀ ਦੁਨੀਆ ਦਾ ਧਿਆਨ ਇਸ ਜੰਗ ਤੋਂ ਹਟਦਾ ਹੈ ਤਾਂ ਰੂਸ ਹੋਰ ਵੀ ਵਹਿਸ਼ੀ ਹੋ ਜਾਂਦਾ ਹੈ। ਰੂਸ ਨੇ ਯੂਕਰੇਨ ’ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਦੋਸ਼ ਲਾਏ ਹਨ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ 286 ਯੂਕਰੇਨੀ ਡਰੋਨ ਫੁੰਡੇ। ਰੂਸ ਵੱਲੋਂ ਜਦੋਂ ਯੂਕਰੇਨ ’ਤੇ ਜ਼ੋਰਦਾਰ ਹਮਲੇ ਕੀਤੇ ਜਾ ਰਹੇ ਹਨ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੰਗ ਛੇਤੀ ਹੀ ਖ਼ਤਮ ਹੋਣ ਵਾਲੀ ਹੈ। ਚੀਨ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਯੂਕਰੇਨ ਜੰਗ ਦਾ ਅੰਤ ਬਹੁਤ ਨੇੜੇ ਹੈ।’’
ਰੂਸ ਵੱਲੋਂ ਉੱਨਤ ਬੈਲਿਸਟਿਕ ਮਿਜ਼ਾਈਲ ਪ੍ਰਣਾਲੀ ਦਾ ਤਜਰਬਾ
ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਰਮਾਤ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਪ੍ਰਣਾਲੀ ਦੇ ਸਫਲ ਪ੍ਰੀਖਣ ’ਤੇ ਫ਼ੌਜ ਅਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪੂਤਿਨ ਨੇ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਤਾਕਤਵਰ ਮਿਜ਼ਾਈਲ ਪ੍ਰਣਾਲੀ ਹੈ ਜੋ ਰੂਸ ਦੀ ਰਣਨੀਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ। ਰਣਨੀਤਕ ਮਿਜ਼ਾਈਲ ਬਲਾਂ ਦੇ ਕਮਾਂਡਰ ਸਰਗੇਈ ਕਰਾਕਾਯੇਵ ਨਾਲ ਵੀਡੀਓ ਕਾਨਫਰੰਸ ਦੌਰਾਨ ਪੂਤਿਨ ਨੇ ਕਿਹਾ ਕਿ 2002 ਵਿੱਚ ਅਮਰੀਕਾ ਦੇ ਐਂਟੀ-ਬੈਲਿਸਟਿਕ ਮਿਜ਼ਾਈਲ ਸੰਧੀ ਤੋਂ ਹਟਣ ਤੋਂ ਬਾਅਦ ਰੂਸ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਸੁਰਜੀਤ ਕਰਨ ਲਈ ਮਜਬੂਰ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵੀਂ ਪ੍ਰਣਾਲੀ ਮੌਜੂਦਾ ਅਤੇ ਭਵਿੱਖ ਦੀ ਕਿਸੇ ਵੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਟੱਕਰ ਦੇਣ ਦੇ ਸਮਰੱਥ ਹੈ। ਸਰਮਾਤ ਨੂੰ ਸੋਵੀਅਤ ਦੌਰ ਦੇ ‘ਵੋਏਵੋਦਾ’ ਸਿਸਟਮ ਦਾ ਕਿਤੇ ਵੱਧ ਉੱਨਤ ਰੂਪ ਮੰਨਿਆ ਜਾ ਰਿਹਾ ਹੈ ਜੋ ਰੂਸ ਦੀ ਪਰਮਾਣੂ ਸਮਰੱਥਾ ਵਿੱਚ ਅਹਿਮ ਵਾਧਾ ਹੈ।

