CBI Director ਦੀ ਚੋਣ ਕਰਨ ਵਾਲੀ ਪ੍ਰਕਿਰਿਆ ਪਾਰਦਰਸ਼ੀ ਨਹੀਂ: Rahul Gandhi

CBI Director ਦੀ ਚੋਣ ਕਰਨ ਵਾਲੀ ਪ੍ਰਕਿਰਿਆ ਪਾਰਦਰਸ਼ੀ ਨਹੀਂ: Rahul Gandhi

ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕੇਂਦਰੀ ਜਾਂਚ ਬਿਊਰੋ (CBI) ਦੇ ਅਗਲੇ ਡਾਇਰੈਕਟਰ ਦੀ ਸਿਫਾਰਸ਼ ਕਰਨ ਵਾਲੀ ਪ੍ਰਕਿਰਿਆ ’ਤੇ ਅਧਿਕਾਰਤ ਤੌਰ ‘ਤੇ ਆਪਣੀ ਅਸਹਿਮਤੀ ਦਰਜ ਕਰਵਾਈ ਹੈ। ਮੰਗਲਵਾਰ ਨੂੰ ਆਪਣੀ ਰਿਹਾਇਸ਼ 10 ਜਨਪਥ ਤੋਂ ਭੇਜੇ ਗਏ ਪੱਤਰ ਵਿੱਚ ਗਾਂਧੀ ਨੇ ਚੋਣ ਪ੍ਰਕਿਰਿਆ ਬਾਰੇ ਕਈ ਗੰਭੀਰ ਚਿੰਤਾਵਾਂ ਪ੍ਰਗਟਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਸਿਰਫ਼ ਰਬੜ ਦੀ ਮੋਹਰ (rubber stamp) ਵਜੋਂ ਨਹੀਂ ਵਰਤਿਆ ਜਾ ਸਕਦਾ। ਉਨ੍ਹਾਂ ਨੇ ‘ਐਕਸ’ ‘ਤੇ ਪੋਸਟ ਕੀਤੇ ਪੱਤਰ ਵਿੱਚ ਦੋਸ਼ ਲਾਇਆ ਕਿ ਸਰਕਾਰ ਨੇ ਵਾਰ-ਵਾਰ ਪੱਤਰਕਾਰਾਂ, ਆਲੋਚਕਾਂ ਅਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ CBI ਦੀ ਦੁਰਵਰਤੋਂ ਕੀਤੀ ਹੈ।

ਰਾਹੁਲ ਗਾਂਧੀ ਨੇ ਲਿਖਿਆ, “ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਮੈਂ ਤੁਹਾਨੂੰ CBI ਦੇ ਅਗਲੇ ਡਾਇਰੈਕਟਰ ਦੀ ਸਿਫਾਰਸ਼ ਕਰਨ ਲਈ ਗਠਿਤ ਕਮੇਟੀ ਦੇ ਚੇਅਰਪਰਸਨ ਵਜੋਂ ਇਹ ਪੱਤਰ ਲਿਖ ਰਿਹਾ ਹਾਂ ਤਾਂ ਕਿ ਇਸ ਦੀ ਕਾਰਵਾਈ ‘ਤੇ ਆਪਣੀ ਅਸਹਿਮਤੀ ਦਰਜ ਕਰਵਾ ਸਕਾਂ। ਤੁਹਾਡੀ ਸਰਕਾਰ ਨੇ ਵਾਰ-ਵਾਰ ਭਾਰਤ ਦੀ ਇਸ ਪ੍ਰਮੁੱਖ ਜਾਂਚ ਏਜੰਸੀ ਦੀ ਦੁਰਵਰਤੋਂ ਕੀਤੀ ਹੈ। ਸੰਸਥਾ ‘ਤੇ ਅਜਿਹੇ ਕਬਜ਼ੇ ਨੂੰ ਰੋਕਣ ਲਈ ਹੀ ਵਿਰੋਧੀ ਧਿਰ ਦੇ ਨੇਤਾ ਨੂੰ ਚੋਣ ਕਮੇਟੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਮੈਨੂੰ ਇਸ ਪ੍ਰਕਿਰਿਆ ਵਿੱਚ ਕੋਈ ਵੀ ਸਾਰਥਕ ਭੂਮਿਕਾ ਦੇਣ ਤੋਂ ਲਗਾਤਾਰ ਇਨਕਾਰ ਕਰਦੇ ਆ ਰਹੇ ਹੋ।”

ਰਾਹੁਲ ਗਾਂਧੀ ਨੇ ਕਿਹਾ ਕਿ ਵਾਰ-ਵਾਰ ਲਿਖਤੀ ਬੇਨਤੀਆਂ ਦੇ ਬਾਵਜੂਦ ਉਨ੍ਹਾਂ ਨੂੰ ਉਮੀਦਵਾਰਾਂ ਦੀ ‘ਸਵੈ-ਮੁਲਾਂਕਣ’ (self-appraisal) ਰਿਪੋਰਟਾਂ ਜਾਂ ‘360-ਡਿਗਰੀ’ ਰਿਪੋਰਟਾਂ ਤੱਕ ਪਹੁੰਚ ਨਹੀਂ ਦਿੱਤੀ ਗਈ। ਉਨ੍ਹਾਂ ਅਨੁਸਾਰ, ਉਨ੍ਹਾਂ ਤੋਂ ਉਮੀਦ ਕੀਤੀ ਗਈ ਸੀ ਕਿ ਉਹ ਕਮੇਟੀ ਦੀ ਮੀਟਿੰਗ ਦੌਰਾਨ ਪਹਿਲੀ ਵਾਰ ਲਗਪਗ 69 ਉਮੀਦਵਾਰਾਂ ਦੇ ਰਿਕਾਰਡ ਦੀ ਜਾਂਚ ਕਰਨ।

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਜਾਣਕਾਰੀ ਦੇਣ ਤੋਂ ਇਹ “ਜਾਣਬੁੱਝ ਕੇ ਕੀਤਾ ਗਿਆ ਇਨਕਾਰ” ਇਹ ਯਕੀਨੀ ਬਣਾਉਂਦਾ ਹੈ ਕਿ ਸਿਰਫ਼ ਸਰਕਾਰ ਵੱਲੋਂ ਪਹਿਲਾਂ ਤੋਂ ਤੈਅ ਉਮੀਦਵਾਰ ਹੀ ਚੁਣਿਆ ਜਾਵੇ, ਜੋ ਕਿ ਕਾਨੂੰਨੀ ਪ੍ਰਕਿਰਿਆ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਿਕਾਰਡਾਂ ਦੀ ਵਿਸਥਾਰਤ ਸਮੀਖਿਆ ਹਰੇਕ ਉਮੀਦਵਾਰ ਦੇ ਇਤਿਹਾਸ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਬਹੁਤ ਜ਼ਰੂਰੀ ਹੈ।

ਪੱਤਰ ਵਿੱਚ ਕਿਹਾ ਗਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਪਹਿਲਾਂ 5 ਮਈ 2025 ਨੂੰ ਵੀ ਅਸਹਿਮਤੀ ਦਰਜ ਕੀਤੀ ਸੀ ਅਤੇ 21 ਅਕਤੂਬਰ 2025 ਨੂੰ ਇੱਕ ਨਿਰਪੱਖ ਪ੍ਰਕਿਰਿਆ ਲਈ ਸੁਝਾਅ ਦਿੱਤੇ ਸਨ, ਜਿਸ ਦਾ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ, “ਸਿਲੈਕਸ਼ਨ ਕਮੇਟੀ ਨੂੰ ਅਹਿਮ ਜਾਣਕਾਰੀ ਦੇਣ ਤੋਂ ਇਨਕਾਰ ਕਰਕੇ, ਸਰਕਾਰ ਨੇ ਇਸ ਨੂੰ ਸਿਰਫ਼ ਇਕ ਰਸਮੀ ਕਾਰਵਾਈ ਬਣਾ ਕੇ ਰੱਖ ਦਿੱਤਾ ਹੈ। ਵਿਰੋਧੀ ਧਿਰ ਦਾ ਨੇਤਾ ਰਬੜ ਦੀ ਮੋਹਰ ਨਹੀਂ ਹੈ। ਮੈਂ ਇਸ ਪੱਖਪਾਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਆਪਣੀ ਸੰਵਿਧਾਨਕ ਡਿਊਟੀ ਦਾ ਤਿਆਗ ਨਹੀਂ ਕਰ ਸਕਦਾ।”

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਮੰਗਲਵਾਰ ਸ਼ਾਮ ਲਗਪਗ 7 ਵਜੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰੀ ਰਿਹਾਇਸ਼ 7 ਲੋਕ ਕਲਿਆਣ ਮਾਰਗ ਪਹੁੰਚੇ ਸਨ ਅਤੇ CBI ਡਾਇਰੈਕਟਰ ਦੀ ਚੋਣ ਲਈ ਹੋਈ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਉੱਥੋਂ ਰਵਾਨਾ ਹੋਏ। ਮੌਜੂਦਾ CBI ਡਾਇਰੈਕਟਰ ਪ੍ਰਵੀਨ ਸੂਦ (1986 ਬੈਚ ਦੇ IPS ਅਧਿਕਾਰੀ) ਹਨ, ਜਿਨ੍ਹਾਂ ਦਾ ਕਾਰਜਕਾਲ ਮਈ 2025 ਵਿੱਚ ਇੱਕ ਸਾਲ ਲਈ ਵਧਾਇਆ ਗਿਆ ਸੀ।

Share: