ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਣੇਕੋਟ ਵਿੱਚ ਜ਼ਮੀਨੀ ਝਗੜੇ ਨੇ ਉਸ ਵੇਲੇ ਖ਼ੂਨੀ ਰੂਪ ਧਾਰ ਲਿਆ, ਜਦੋਂ ਇੱਕ ਵਿਅਕਤੀ ਨੇ ਆਪਣੇ ਹੀ ਛੋਟੇ ਭਰਾ ਅਤੇ ਭਰਜਾਈ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨ ਦੀ ਵੰਡ ਦੇ ਵਿਵਾਦ ਕਾਰਨ ਵਾਪਰੀ ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਅਜੈਬ ਸਿੰਘ (54) ਅਤੇ ਉਸ ਦੀ ਪਤਨੀ ਕਮਲ ਕੌਰ (52) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖ਼ੂਨੀ ਵਾਰਦਾਤ ਮੰਗਲਵਾਰ ਦੇਰ ਸ਼ਾਮ ਕਰੀਬ 8 ਵਜੇ ਵਾਪਰੀ। ਅਜੈਬ ਸਿੰਘ ਰੋਜ਼ਾਨਾ ਦੀ ਤਰ੍ਹਾਂ ਸੈਰ ਕਰ ਰਿਹਾ ਸੀ ਕਿ ਉਸ ਦੇ ਵੱਡੇ ਭਰਾ ਅਮਰਜੀਤ ਸਿੰਘ ਨੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਅਜੈਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੰਨਾ ਹੀ ਨਹੀਂ, ਖ਼ੂਨ ਸਵਾਰ ਹੋਏ ਅਮਰਜੀਤ ਨੇ ਇਸ ਤੋਂ ਬਾਅਦ ਅਜੈਬ ਸਿੰਘ ਦੇ ਘਰ ਜਾ ਕੇ ਆਪਣੀ ਭਰਜਾਈ ਕਮਲ ਕੌਰ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਜੈਬ ਸਿੰਘ ਅਤੇ ਉਸ ਦੀ ਪਤਨੀ ਲੰਬੇ ਸਮੇਂ ਤੋਂ ਟਾਟਾ ਨਗਰ (ਝਾਰਖੰਡ) ਵਿੱਚ ਰਹਿ ਰਹੇ ਸਨ ਅਤੇ ਕਰੀਬ ਇੱਕ ਸਾਲ ਪਹਿਲਾਂ ਹੀ ਆਪਣੇ ਜੱਦੀ ਪਿੰਡ ਨੈਣੇਕੋਟ ਪਰਤੇ ਸਨ। ਪਰਿਵਾਰ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਪਹਿਲਾਂ ਹੀ ਤਣਾਅ ਚੱਲ ਰਿਹਾ ਸੀ, ਜੋ ਅਖੀਰ ਦੋਹਰੇ ਕਤਲ ਕਾਂਡ ਵਿੱਚ ਤਬਦੀਲ ਹੋ ਗਿਆ। ਹੈਰਾਨੀਜਨਕ ਗੱਲ ਇਹ ਰਹੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਖ਼ੁਦ ਹੀ ਥਾਣੇ ਪਹੁੰਚ ਗਿਆ ਅਤੇ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਪੁਲੀਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵਿੱਚ ਇਸ ਵੇਲੇ ਮਾਤਮ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

