ਲੰਡਨ/ਨਵੀਂ ਦਿੱਲੀ: ਡੱਚ ਬੇੜੇ ਐੱਮ ਵੀ ਹੋਂਡੀਅਸ ਦੇ ਅਮਲੇ ’ਚ ਦੋ ਭਾਰਤੀ ਨਾਗਰਿਕ ਵੀ ਸਵਾਰ ਹਨ ਜਿਸ ’ਤੇ ਚੂਹਿਆਂ ਕਾਰਨ ਹੈਂਟਾਵਾਇਰਸ ਫੈਲਿਆ ਹੋਇਆ ਹੈ। ਕਰੂਜ਼ ’ਤੇ ਲਾਗ ਫੈਲਣ ਕਾਰਨ ਤਿੰਨ ਮੌਤਾਂ ਹੋ ਚੁੱਕੀਆਂ ਹਨ ਅਤੇ ਪੰਜ ਹੋਰ ਮੁਸਾਫ਼ਰ ਪੀੜਤ ਹਨ। ਇਸ ਦੌਰਾਨ ਆਈ ਸੀ ਐੱਮ ਆਰ ਦੀ ਵਾਇਰੋਲੋਜੀ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਨਵੀਨ ਕੁਮਾਰ ਨੇ ਕਿਹਾ ਕਿ ਇਹ ਇੱਕਾ-ਦੁੱਕਾ ਮਾਮਲੇ ਜਾਪਦੇ ਹਨ ਅਤੇ ਭਾਰਤ ਨੂੰ ਫ਼ੌਰੀ ਤੌਰ ’ਤੇ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਲਾਗ ਦੇ ਵੱਡੇ ਪੱਧਰ ’ਤੇ ਫੈਲਣ ਦਾ ਹਾਲੇ ਤੱਕ ਕੋਈ ਸਬੂਤ ਨਹੀਂ ਮਿਲਿਆ। ਓਸ਼ਨਵਾਈਡ ਐਕਸਪੀਡਿਸ਼ਨਸ ਸੰਚਾਲਿਤ ਆਲੀਸ਼ਾਨ ਕਰੂਜ਼ ਜਹਾਜ਼ ਪਹਿਲੀ ਅਪਰੈਲ ਨੂੰ ਅਰਜਨਟੀਨਾ ਤੋਂ ਸਫ਼ਰ ’ਤੇ ਨਿਕਲਿਆ ਸੀ ਅਤੇ ਉਸ ਦੇ 10 ਮਈ ਨੂੰ ਸਪੇਨ ਦੇ ਕੈਨਰੀ ਟਾਪੂ ’ਤੇ ਪੁੱਜਣ ਦੀ ਉਮੀਦ ਹੈ। ਉਧਰ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਲਾਗ ਮਹਾਮਾਰੀ ਦੀ ਸ਼ੁਰੂਆਤ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੀ ਛੂਤ ਨਾਲ ਸਬੰਧਤ ਬਿਮਾਰੀਆਂ ਦੀ ਮਾਹਿਰ ਮਾਰੀਆ ਵਾਨ ਕੇਰਖੋਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਲਾਤ ਛੇ ਸਾਲ ਪਹਿਲਾਂ ਕੋਵਿਡ-19 ਵਰਗੇ ਨਹੀਂ ਹਨ ਕਿਉਂਕਿ ਹੈਂਟਾਵਾਇਰਸ ਬਹੁਤ ਨਜ਼ਦੀਕੀ ਮੇਲ-ਮਿਲਾਪ ਰਾਹੀਂ ਫੈਲਦਾ ਹੈ। ਅਧਿਕਾਰੀਆਂ ਨੇ ਕਰੂਜ਼ ’ਤੇ ਸਾਰੇ ਲੋਕਾਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਹਨ।
Posted inNew Delhi United Kingdom
Hantavirus ਵਾਲੇ ਕਰੂਜ਼ ਅਮਲੇ ’ਚ ਦੋ ਭਾਰਤੀ ਵੀ ਸਵਾਰ

