ਚੇਨੱਈ: ਖੱਬੇ ਪੱਖੀ ਪਾਰਟੀਆਂ ਦੀ ਹਮਾਇਤ ਹਾਸਲ ਹੋਣ ਤੋਂ ਬਾਗ਼ੋ-ਬਾਗ਼ ਤਾਮਿਲਗਾ ਵੈਤਰੀ ਕੜਗਮ (ਟੀ ਵੀ ਕੇ) ਦੇ ਮੁਖੀ ਅਦਾਕਾਰ ਵਿਜੈ ਅੱਜ ਆਪਣੀ ਪਹਿਲੀ ਸਰਕਾਰ ਬਣਾਉਣ ਦੇ ਹੋਰ ਕਰੀਬ ਪਹੁੰਚ ਗਏ ਹਨ। ਖੱਬੇ ਪੱਖੀ ਧਿਰਾਂ ਦੇ ਸਮਰਥਨ ਦੇ ਐਲਾਨ ਨਾਲ ਪਿਛਲੇ ਕਈ ਦਿਨਾਂ ਤੋਂ ਸਰਕਾਰ ਬਣਾਉਣ ਲਈ ਚੱਲ ਰਹੀਆਂ ਗੁੰਝਲਦਾਰ ਸਿਆਸੀ ਗੱਲਬਾਤਾਂ ਦਾ ਦੌਰ ਹੁਣ ਫ਼ੈਸਲਾਕੁਨ ਮੋੜ ’ਤੇ ਪਹੁੰਚ ਗਿਆ ਹੈ। ਸੀ ਪੀ ਆਈ ਅਤੇ ਸੀ ਪੀ ਐੱਮ ਨੇ ਅਧਿਕਾਰਤ ਤੌਰ ’ਤੇ ਵਿਜੈ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਉੱਧਰ, ਸੰਕੇਤ ਮਿਲੇ ਹਨ ਕਿ ਵੀ ਸੀ ਕੇ ਨੇ ਟੀ ਵੀ ਕੇ ਦਾ ਪੱਖ ਲਿਆ ਹੈ। ਇਸ ਦੇ ਨਾਲ ਹੀ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ ਯੂ ਐੱਮ ਐੱਲ) ਨੇ ਕਿਹਾ ਹੈ ਕਿ ਉਹ ਸਰਕਾਰ ਬਣਾਉਣ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰੇਗੀ। ਸੂਤਰਾਂ ਅਨੁਸਾਰ, ਵਿਜੈ ਦੇ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਉਮੀਦ ਹੈ। ਸੂਤਰਾਂ ਅਨੁਸਾਰ, ਖੱਬੀਆਂ ਪਾਰਟੀਆਂ ਵੱਲੋਂ ਬਿਨਾਂ ਸ਼ਰਤ ਹਮਾਇਤ ਦੇਣ ਦੇ ਐਲਾਨ ਮਗਰੋਂ ਵਿਜੈ ਗਿੰਡੀ ਸਥਿਤ ਰਾਜ ਭਵਨ ਪਹੁੰਚੇ ਅਤੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਚੇਨੱਈ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਟੀ ਵੀ ਕੇ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਟੀ ਵੀ ਕੇ ਨੇ ਅਪਰੈਲ ਮਹੀਨੇ ਹੋਈਆਂ ਚੋਣਾਂ ਵਿੱਚ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਉਸ ਨੂੰ ਸਰਕਾਰ ਬਣਾਉਣ ਲਈ 118 ਸੀਟਾਂ ਦੀ ਲੋੜ ਹੈ। ਹੁਣ ਕਾਂਗਰਸ ਦੇ ਪੰਜ ਵਿਧਾਇਕਾਂ ਤੋਂ ਇਲਾਵਾ ਸੀ ਪੀ ਆਈ ਤੇ ਸੀ ਪੀ ਆਈ ਐੱਮ ਦੋ-ਦੋ ਵਿਧਾਇਕਾਂ ਦਾ ਸਮਰਥਨ ਮਿਲ ਚੁੱਕਾ ਹੈ। ਇਸ ਤਰ੍ਹਾਂ ਉਸ ਨੂੰ 117 ਵਿਧਾਇਕਾਂ ਦਾ ਸਮਰਥਨ ਮਿਲ ਚੁੱਕਾ ਹੈ।
ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ, ਟੀ ਵੀ ਕੇ ਦੇ ਬਾਨੀ ਵਿਜੈ ਨੂੰ ਆਪਣੀਆਂ ਜਿੱਤੀਆਂ ਹੋਈਆਂ ਦੋ ਸੀਟਾਂ ਵਿੱਚੋਂ ਇੱਕ ਤੋਂ ਅਸਤੀਫ਼ਾ ਦੇਣਾ ਪਵੇਗਾ, ਜਿਸ ਨਾਲ ਟੀ ਵੀ ਕੇ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਵਿਧਾਇਕਾਂ ਦੀ ਕੁੱਲ ਗਿਣਤੀ 116 ਬਣਦੀ ਹੈ। ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਵੀ ਸੀ ਕੇ ਦੀਆਂ ਵਿਧਾਨ ਸਭਾ ਵਿੱਚ ਦੋ-ਦੋ ਸੀਟਾਂ ਹਨ।
ਸੀ ਪੀ ਆਈ (ਐੱਮ) ਦੇ ਸਾਬਕਾ ਸੂਬਾਈ ਸਕੱਤਰ ਅਤੇ ਮਾਰਕਸਵਾਦੀ ਆਗੂ ਕੇ ਬਾਲਾਕ੍ਰਿਸ਼ਨਨ ਅਨੁਸਾਰ, ਖੱਬੇ ਪੱਖੀ ਪਾਰਟੀਆਂ ਤੋਂ ਇਲਾਵਾ ਵੀ ਸੀ ਕੇ ਅਤੇ ਆਈ ਯੂ ਐੱਮ ਐੱਲ ਨੇ ਵੀ ਸਮਰਥਨ ਪੱਤਰ ਸੌਂਪ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਜਪਾਲ ਅਰਲੇਕਰ ਨੇ ਵਿਜੈ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ ਅਤੇ ਉਹ ਸ਼ਨਿਚਰਵਾਰ ਸਵੇਰੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਇਸ ਸਮਰਥਨ ਨਾਲ ਵਿਜੈ ਨੇ ਬਹੁਮਤ ਲਈ ਲੋੜੀਂਦੇ ਅੰਕੜੇ ਦਾ ਜੁਗਾੜ ਕਰ ਲਿਆ ਹੈ, ਜਿਸ ਨਾਲ ਰਾਜ ਵਿੱਚ ਇੱਕ ਨਵੇਂ ਸਿਆਸੀ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਖੱਬੀਆਂ ਪਾਰਟੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਰਕਾਰ ਬਣਾਉਣ ਲਈ ਟੀ ਵੀ ਕੇ ਦਾ ਸਾਥ ਦੇਣਗੀਆਂ, ਪਰ ਆਪਣਾ ਸਿਆਸੀ ਸਫ਼ਰ ਡੀ ਐੱਮ ਕੇ ਨਾਲ ਹੀ ਜਾਰੀ ਰੱਖਣਗੀਆਂ। ਸੀ ਪੀ ਆਈ ਦੇ ਸੂਬਾਈ ਸਕੱਤਰ ਐੱਮ ਵੀਰਾਪਾਂਡੀਅਨ ਨੇ ਕਿਹਾ, ‘‘ਲੋਕਾਂ ਨੇ ਲੋਕਤੰਤਰ ਦਾ ਫ਼ਤਵਾ ਦਿੱਤਾ ਅਤੇ ਅਸੀਂ ਇਸ ਦਾ ਸਮਰਥਨ ਕੀਤਾ ਹੈ।’’
ਆਈ ਯੂ ਐੱਮ ਐੱਲ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਕੇ ਐੱਮ ਕਾਦਰ ਮੋਹਿਦੀਨ ਨੇ ਕਿਹਾ ਕਿ ਉਨ੍ਹਾਂ ਦੇ ਦੋ ਵਿਧਾਇਕ ਸਰਕਾਰ ਬਣਾਉਣ ਦੀਆਂ ਰਾਜਪਾਲ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨਗੇ। ਮੌਜੂਦਾ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀ ਰਾਜਪਾਲ ਨੂੰ ਅਪੀਲ ਕੀਤੀ ਕਿ ਸੰਵਿਧਾਨ ਅਨੁਸਾਰ ਨਵੀਂ ਸਰਕਾਰ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ।
ਵੀ ਸੀ ਕੇ ਨੇ ਸਮਰਥਨ ਦਾ ਅਧਿਕਾਰਤ ਐਲਾਨ ਨਹੀਂ ਕੀਤਾ
ਵੀ ਸੀ ਕੇ ਨੇ ਟੀ ਵੀ ਕੇ ਨੂੰ ਸਮਰਥਨ ਦੇਣ ਬਾਰੇ ਫ਼ੌਰੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ, ਪਰ ਪਾਰਟੀ ਮੁਖੀ ਥੋਲ ਤਿਰੂਮਾਵਲਵਨ ਨੇ ਕਈ ਵਾਰ ਇਹ ਗੱਲ ਦੁਹਰਾਈ ਹੈ ਕਿ ਉਨ੍ਹਾਂ ਦੀ ਪਾਰਟੀ ਖੱਬੀਆਂ ਪਾਰਟੀਆਂ ਵੱਲੋਂ ਅਪਣਾਈ ਗਈ ਨੀਤੀ ਦੇ ਅਨੁਸਾਰ ਹੀ ਚੱਲੇਗੀ। ਪਾਰਟੀ ਸੰਸਥਾਪਕ ਦੇ ਕਰੀਬੀ ਸਹਿਯੋਗੀ ਅਤੇ ਵੀ ਸੀ ਕੇ ਆਗੂ ਵੰਨੀਆਰਾਸੂ ਨੇ ਸਪੱਸ਼ਟ ਸੰਕੇਤ ਦਿੱਤਾ ਕਿ ਵਿਦੁਥਲਾਈ ਚਿਰੂਥੈਗਲ ਕਾਚੀ (ਵੀ ਸੀ ਕੇ) ਸੱਤਾ ਦਾ ਹਿੱਸਾ ਬਣਨ ਦੀ ਇੱਛੁਕ ਹੈ ਅਤੇ ਟੀ ਵੀ ਕੇ ਇਸ ਦੇ ਲਈ ਤਿਆਰ ਹੈ। ਟੀ ਵੀ ਕੇ ਨੇ 108 ਸੀਟਾਂ ਜਿੱਤੀਆਂ ਸਨ। ਇਹ ਅੰਕੜਾ ਬਹੁਮਤ ਤੋਂ 10 ਘੱਟ ਸੀ। ਪਾਰਟੀ ਨੇ 23 ਅਪਰੈਲ ਨੂੰ ਤਾਮਿਲ ਨਾਡੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਸਰਕਾਰ ਬਣਾਉਣ ਲਈ ਡੀ ਐੱਮ ਕੇ ਦੇ ਸਹਿਯੋਗੀ ਦਲਾਂ ਸੀ ਪੀ ਆਈ, ਸੀ ਪੀ ਆਈ ਐੱਮ ਅਤੇ ਵੀ ਸੀ ਕੇ ਤੱਕ ਪਹੁੰਚ ਕਰ ਕੇ ਉਨ੍ਹਾਂ ਤੋਂ ਹਮਾਇਤ ਮੰਗੀ ਸੀ।
ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ’ਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ
ਕੋਲਕਾਤਾ: ਸੀਨੀਅਰ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਪਹਿਲੇ ਭਾਜਪਾਈ ਮੁੱਖ ਮੰਤਰੀ ਹੋਣਗੇ। ਦਹਾਕਿਆਂ ਤੱਕ ਭਗਵਾਂ ਰਾਜਨੀਤੀ ਦੇ ਵਿਰੋਧ ਤੋਂ ਬਾਅਦ, ਇਹ ਸੂਬੇ ਦੇ ਸਿਆਸੀ ਇਤਿਹਾਸ ਵਿੱਚ ਬਹੁਤ ਵੱਡਾ ਮੋੜ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਨਵੇਂ ਚੁਣੇ ਗਏ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਅਧਿਕਾਰੀ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਇਸ ਨਾਲ ਵਿਧਾਨ ਸਭਾ ਚੋਣਾਂ ਵਿੱਚ ਬੰਗਾਲ ਦੀ ਸੱਤਾ ’ਤੇ ਭਾਜਪਾ ਦੇ ਕਬਜ਼ੇ ਦੀ ਰਸਮੀ ਪੁਸ਼ਟੀ ਹੋ ਗਈ ਹੈ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਤੁਰੰਤ ਬਾਅਦ, ਅਧਿਕਾਰੀ ਰਾਜ ਭਵਨ ਪੁੱਜੇ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਆਰ ਐੱਨ ਰਵੀ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਉਨ੍ਹਾਂ ਨੂੰ 9 ਮਈ ਨੂੰ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੱਤਾ ਹੈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿਤ ਮੰਤਰੀ ਅਮਿਤ ਸ਼ਾਹ ਅਤੇ ਐੱਨ ਡੀ ਏ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸ਼ਾਮਲ ਹੋਣ ਦੀ ਆਸ ਹੈ। ਪਾਰਟੀ ਨੂੰ ਆਸ ਹੈ ਕਿ ਇਹ ਸਮਾਗਮ ਬੰਗਾਲ ਦੀ ਸਿਆਸੀ ਤਬਦੀਲੀ ਨੂੰ ਇਤਿਹਾਸਕ ਬਣਾ ਦੇਵੇਗਾ। ਪੱਛਮੀ ਬੰਗਾਲ ਪਹਿਲੀ ਵਾਰ ਭਾਜਪਾ ਦਾ ਮੁੱਖ ਮੰਤਰੀ ਹਾਸਲ ਕਰਨ ਵਾਲਾ ਦੂਜਾ ਸੂਬਾ ਬਣ ਗਿਆ ਹੈ। ਪਿਛਲੇ ਮਹੀਨੇ, ਸਮਰਾਟ ਚੌਧਰੀ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਕਿਉਂਕਿ ਉਸ ਰਾਜ ਵਿੱਚ ਵੀ ਪਹਿਲੀ ਵਾਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਸੀ। 55 ਸਾਲਾ ਅਧਿਕਾਰੀ ਜੋ ਕਦੇ ਮਮਤਾ ਬੈਨਰਜੀ ਦੇ ਸਭ ਤੋਂ ਨਜ਼ਦੀਕੀ ਸਿਆਸੀ ਸਹਿਯੋਗੀ ਅਤੇ ਸੰਗਠਨ ਦੇ ਮਾਹਿਰ ਮੰਨੇ ਜਾਂਦੇ ਸਨ, ਦਾ ਇਸ ਅਹੁਦੇ ਤੱਕ ਪਹੁੰਚਣਾ ਸਿਰਫ਼ ਸਰਕਾਰ ਦੀ ਤਬਦੀਲੀ ਨਹੀਂ ਹੈ, ਸਗੋਂ ਉਸ ਨਾਟਕੀ ਸਿਆਸੀ ਉਲਟਫੇਰ ਦਾ ਸਿਖਰ ਹੈ ਜਿਸ ਨੇ ਪਿਛਲੇ ਪੰਜ ਸਾਲਾਂ ਵਿੱਚ ਬੰਗਾਲ ਦੇ ਸਿਆਸੀ ਦ੍ਰਿਸ਼ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

