ਈ ਡੀ ਦੇ ਛਾਪਿਆਂ ਕਾਰਨ ਸਿਆਸਤ ਭਖੀ

ਈ ਡੀ ਦੇ ਛਾਪਿਆਂ ਕਾਰਨ ਸਿਆਸਤ ਭਖੀ

ਚੰਡੀਗਡ਼੍ਹ: ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਨੇ ਪੰਜਾਬ ਦੀ ਸਿਆਸਤ ਭਖਾ ਦਿੱਤੀ ਹੈ। ਵਿਰੋਧੀ ਧਿਰਾਂ ਨੇ ਈ ਡੀ ਦੇ ਛਾਪਿਆਂ ਦੇ ਹਵਾਲੇ ਨਾਲ ‘ਆਪ’ ਸਰਕਾਰ ’ਤੇ ਸਿਆਸੀ ਹੱਲੇ ਵਧਾ ਦਿੱਤੇ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਈ ਡੀ ਵੱਲੋਂ ਸੱਤਾ ਧਿਰ ਦੇ ਕਰੀਬੀ ਵਿਅਕਤੀ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਬਹੁਤ ਨੇੜਲੇ ਵਿਅਕਤੀ ਦੇ ਟਿਕਾਣੇ ਤੋਂ ਹਵਾ ਵਿੱਚ ਉੱਡਦੇ ਨੋਟਾਂ ਦੀਆਂ ਤਸਵੀਰਾਂ ਨੇ ਆਪਣੇ ਆਪ ਨੂੰ ‘ਕੱਟੜ ਇਮਾਨਦਾਰ’ ਕਹਿਣ ਵਾਲਿਆਂ ਦੇ ਦਾਅਵਿਆਂ ਦੀ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ। ਇਸ ਮਾਮਲੇ ਦੀ ਨਿਰਪੱਖ ਢੰਗ ਨਾਲ ਅਤੇ ਡੂੰਘਾਈ ਨਾਲ ਜਾਂਚ ਹੋਵੇ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਕੂਮਤ ਦੇ ਨੇੜਲਿਆਂ ਦੇ ਬਿਲਡਰਾਂ ਨਾਲ ਜੁੜੇ ਮਾਮਲਿਆਂ ਦੀ ਕੇਂਦਰੀ ਏਜੰਸੀਆਂ ਤੋਂ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਵਿੱਤੀ ਸਥਿਤੀ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਪਿਛਲੇ ਚਾਰ ਸਾਲਾਂ ’ਚ ਕਿੰਨਾ ਪੈਸਾ ਕਮਾਇਆ?

ਰੰਧਾਵਾ ਨੇ ਕਿਹਾ ਕਿ ਅੱਜ ਈ ਡੀ ਨੇ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਨਿਤਿਨ ਗੋਹਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਹੈ। ਲੱਖਾਂ ਰੁਪਏ ਵਾਲੇ ਇਸ ਸੁੱਟੇ ਬੈਗ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਈ ਡੀ ਨੂੰ ਇਨ੍ਹਾਂ ਦੋਸ਼ਾਂ ਦੇ ਪਿੱਛੇ ਦੀ ਸੱਚਾਈ ਦਾ ਪਰਦਾਫਾਸ਼ ਕਰਨ ਲਈ ਸਰਕਾਰ ਦੇ ਨੇੜਲੇ ਲੋਕਾਂ ਦੀਆਂ ਜਾਇਦਾਦਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਕੇਂਦਰੀ ਏਜੰਸੀ ਸੱਤਾ ਧਿਰ ਦੇ ਨੇੜਲਿਆਂ ਦੇ 2022 ਤੋਂ ਪਹਿਲਾਂ ਅਤੇ ਹੁਣ ਦੇ ਵਿੱਤੀ ਹਾਲਤਾਂ ਤੇ ਸਰੋਤਾਂ ਅਤੇ ਉਨ੍ਹਾਂ ਦੀਆਂ ਉਪਰ ਤੱਕ ਜੁੜੀਆਂ ਤਾਰਾਂ ਦੀ ਉੱਚ ਪੱਧਰੀ ਜਾਂਚ ਕਰੇ। ਪੰਜਾਬ ਦੇ ਸ਼ਰਾਬ ਮਾਫ਼ੀਆ ਅਤੇ ਜ਼ਮੀਨ ਮਾਫ਼ੀਆ ਵੱਲੋਂ ਚਲਾਏ ਜਾ ਰਹੇ ਹਵਾਲਾ ਨੈੱਟਵਰਕ ਦੀ ਉੱਚ ਪੱਧਰੀ ਜਾਂਚ ਨਾਲ ਹੈਰਾਨੀਜਨਕ ਖ਼ੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਗਮਾਡਾ, ਗਲਾਡਾ ਅਤੇ ਪੁੱਡਾ ਦੀਆਂ ਜ਼ਮੀਨਾਂ ’ਚ ਸ਼ਾਮਲ ਉੱਚ ਅਫ਼ਸਰਾਂ ਦਾ ਵੀ ਪਰਦਾਫਾਸ਼ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸੱਤਾ ਵਾਲਿਆਂ ਨੂੰ ਲਗਜ਼ਰੀ ਗੱਡੀਆਂ ਵੀ ਨਿਤਿਨ ਮੁਹੱਈਆ ਕਰਾਉਂਦਾ ਰਿਹਾ, ਜਿਸ ਦੀ ਕੇਂਦਰੀ ਏਜੰਸੀ ਵੱਲੋਂ ਜਾਂਚ ਕਰਨ ਨਾਲ ਵੱਡਾ ਖ਼ੁਲਾਸਾ ਹੋ ਸਕਦਾ ਹੈ। ਪੰਜਾਬ ਦੇ ਸ਼ਰਾਬ ਮਾਫ਼ੀਆ, ਜ਼ਮੀਨ ਮਾਫ਼ੀਆ ਅਤੇ ਮਾਈਨਿੰਗ ਮਾਫ਼ੀਆ ਨਾਲ ਇਨ੍ਹਾਂ ਲੋਕਾਂ ਦੇ ਗੂੜ੍ਹੇ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ।

Share: