ਪਟਿਆਲਾ: ਮਾਈਨਿੰਗ ਐਕਟ ਤਹਿਤ ਦਰਜ ਕੇਸ ’ਚ ‘ਆਪ’ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਪੁਲੀਸ ਰਿਮਾਂਡ ਚਾਰ ਦਿਨਾਂ ਲਈ ਹੋਰ ਵਧ ਗਿਆ ਹੈ। ਕੇਂਦਰੀ ਜੇਲ੍ਹ ਬਠਿੰਡਾ ਤੋਂ ਪ੍ਰੋਡਕਸ਼ਨ ਵਰੰਟ ’ਤੇ ਪਟਿਆਲਾ ਲਿਆਂਦੇ ਪਠਾਣਮਾਜਰਾ ਦਾ ਸਥਾਨਕ ਅਦਾਲਤ ਤੋਂ ਮਿਲਿਆ ਦੋ ਦਿਨਾ ਦਾ ਪੁਲੀਸ ਰਿਮਾਂਡ ਅੱਜ ਖਤਮ ਹੋ ਗਿਆ ਸੀ। ਉਹ ਦੂਜੀ ਪਤਨੀ ਦੀ ਸ਼ਿਕਾਇਤ ’ਤੇ ਜਬਰ-ਜਨਾਹ ਦੇ ਦੋਸ਼ਾਂ ਤਹਿਤ 9 ਮਹੀਨੇ ਪਹਿਲਾਂ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਦਰਜ ਹੋਏ ਇੱਕ ਹੋਰ ਕੇਸ ਦਾ ਸਾਹਮਣਾ ਵੀ ਕਰ ਰਿਹਾ ਹੈ। ਇਸੇ ਤਹਿਤ ਉਹ ਮਹੀਨੇ ਤੋਂ ਜੇਲ੍ਹ ’ਚ ਹੈ। ਉਸ ਦੇ ਮਾਈਨਿੰਗ ਐਕਟ ਦਾ ਇਹ ਕੇਸ ਭਾਵੇਂ ਸਨੌਰ ਹਲਕੇ ਦੇ ਥਾਣਾ ਜੁਲਕਾਂ ’ਚ ਦਰਜ ਹੈ ਪਰ ਇਸ ਸਬੰਧੀ ਪੁੱਛ ਪੜਤਾਲ ਲਈ ਉਸ ਨੂੰ ਪਟਿਆਲਾ ਸ਼ਹਿਰ ’ਚ ਸਥਿਤ ਸੀ ਆਈ ਏ ਸਟਾਫ਼ ’ਚ ਹੀ ਰੱਖਿਆ ਹੋਇਆ ਹੈ। ਇਸ ਤਹਿਤ ਹੀ ਅੱਜ ਉਸ ਨੂੰ ਸੀ ਆਈ ਏ ਇੰਚਾਰਜ ਪਰਦੀਪ ਬਾਜਵਾ ਦੀ ਅਗਵਾਈ ਹੇਠਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤੀ ਸੁਣਵਾਈ ਦੌਰਾਨ ਪੁਲੀਸ ਨੇ ਮਾਈਨਿੰਗ ਮਾਮਲੇ ’ਚ ਸ਼ਾਮਲ ਰਹੇ ਹੋਰ ਵਿਅਕਤੀਆਂ ਅਤੇ ਵਰਤੀ ਗਈ ਮਸ਼ੀਨਰੀ ਆਦਿ ਬਾਰੇ ਪੁੱਛ ਪੜਤਾਲ ਲਈ ਸਰਕਾਰੀ ਵਕੀਲ ਰਾਹੀਂ ਸੱਤ ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਪਰ ਪਠਾਣਮਾਜਰਾ ਦੇ ਵਕੀਲਾਂ ਨੇ ਪੁਲੀਸ ਦੀਆਂ ਇਨ੍ਹਾਂ ਦਲੀਲਾਂ ਦਾ ਜ਼ੋਰਦਾਰ ਵਿਰੋਧ ਕੀਤਾ। ਹੁਣ ਚਾਰ ਦਿਨਾਂ ਦੀ ਹੋਰ ਪੁੱਛ ਪੜਤਾਲ ਉਪਰੰਤ ਉਸ ਨੂੰ 11 ਮਈ ਨੂੰ ਮੁੜ ਤੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Posted inPatiala
Pathanmajra Case: ਪਠਾਣਮਾਜਰਾ ਦੇ ਰਿਮਾਂਡ ’ਚ 4 ਦਿਨਾਂ ਦਾ ਵਾਧਾ

