ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਪਰੇਸ਼ਨ ਸਿੰਧੂਰ ਨੂੰ ਅਤਿਵਾਦ ਖ਼ਿਲਾਫ਼ ਭਾਰਤ ਦੇ ਅਟੁੱਟ ਸੰਕਲਪ ਅਤੇ ਮਜ਼ਬੂਤ ਇਰਾਦੇ ਦਾ ਨਤੀਜਾ ਦੱਸਦਿਆਂ ਕਿਹਾ ਕਿ ਭਾਰਤ ਨੂੰ ਧਮਕੀ ਦੇਣ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਲਈ ਮੁਲਕ ਪੂਰੀ ਤਰ੍ਹਾਂ ਚੌਕਸ, ਇਕਜੁੱਟ ਅਤੇ ਤਿਆਰ ਹੈ। ਉਨ੍ਹਾਂ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਇਸ ਅਪਰੇਸ਼ਨ ਦੀ ਸਫਲਤਾ ਸਾਡੀਆਂ ਹਥਿਆਰਬੰਦ ਫ਼ੌਜਾਂ ਦੀ ਬੇਮਿਸਾਲ ਹਿੰਮਤ ਅਤੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦੀ ਹੈੇ। ਪਹਿਲਗਾਮ ਵਿੱਚ ਹੋਏ ਹਮਲੇ ਦਾ ਕਰਾਰਾ ਅਤੇ ਫ਼ੈਸਲਾਕੁਨ ਜਵਾਬ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਅਤਿਵਾਦ ਖ਼ਿਲਾਫ਼ ਭਾਰਤ ਦੀ ਮਜ਼ਬੂਤ ਕਾਰਵਾਈ ਅਤੇ ਕੌਮੀ ਸੁਰੱਖਿਆ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤਿਵਾਦ ਨੂੰ ਠੱਲ੍ਹਣ ਅਤੇ ਉਸ ਦਾ ਸਮਰਥਨ ਕਰਨ ਵਾਲੇ ਸਿਸਟਮ ਨੂੰ ਤਬਾਹ ਕਰਨ ਦੇ ਆਪਣੇ ਇਰਾਦੇ ’ਤੇ ਪਹਿਲਾਂ ਵਾਂਗ ਹੀ ਸਥਿਰ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਅਪਰੇਸ਼ਨ ਸਿੰਧੂਰ ਭਾਰਤ ਦਾ ਇਕ ‘ਜੁਗਾਂਤਕਾਰੀ ਮਿਸ਼ਨ’ ਹੈ। ਜੋ ਮੁਲਕ ਦੇ ਦੁਸ਼ਮਣਾਂ ਨੂੰ ਹਥਿਆਰਬੰਦ ਫ਼ੌਜ ਦੇ ਬੇਮਿਸਾਲ ਹਮਲੇ ਦੀ ਤਾਕਤ ਹਮੇਸ਼ਾ ਚੇਤੇ ਕਰਾਉਂਦਾ ਰਹੇਗਾ।’’ ਉਨ੍ਹਾਂ ਕਿਹਾ, ‘‘ਇਹ ਦਿਨ ਸਾਡੇ ਦੁਸ਼ਮਣਾਂ ਨੂੰ ਇਹ ਸੁਨੇਹਾ ਦਿੰਦਾ ਰਹੇਗਾ ਕਿ ਉਹ ਕਿਧਰੇ ਵੀ ਛੁਪ ਜਾਣ, ਬਚ ਨਹੀਂ ਸਕਦੇ।’’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਿਸ਼ਨ ਨੂੰ ਆਧੁਨਿਕ ਜੰਗ ਦੀ ਬਿਹਤਰੀਨ ਮਿਸਾਲ ਦਸੱਦਿਆਂ ਇਸ ਦੇ ਸਫਲ ਟੀਚਿਆਂ ਅਤੇ ਤਿੰਨ ਫ਼ੌਜਾਂ ਵਿਚਾਲੇ ਬੇਮਿਸਾਲ ਤਾਲਮੇਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਅਪਰੇਸ਼ਨ ਕੌਮੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਕੌਮੀ ਇਰਾਦੇ ਅਤੇ ਕਾਰਵਾਈ ਦੀ ਬੇਜੋੜ ਮਿਸਾਲ ਹੈ।

