ਚੇਨੱਈ: ਤਾਮਿਲ ਨਾਡੂ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਦੇ ਉੱਭਰੀ ਟੀ ਵੀ ਕੇ ਦੇ ਬਾਨੀ ਵਿਜੈ ਅੱਜ 24 ਘੰਟਿਆਂ ਵਿੱਚ ਦੂਜੀ ਵਾਰ ਰਾਜਪਾਲ ਨੂੰ ਮਿਲਣ ਲਈ ਲੋਕ ਭਵਨ ਪੁੱਜੇ। ਉਨ੍ਹਾਂ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸੱਦਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਭਾਜਪਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਇਸ ਮਾਮਲੇ ਵਿੱਚ ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਨਗੇ। ਇਸੇ ਦੌਰਾਨ ਟੀ ਵੀ ਕੇ ਕਾਰਕੁਨਾਂ ਨੇ ਲੋਕ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।
ਵਿਜੈ ਲੋਕ ਭਵਨ ਗਏ ਸਨ, ਪਰ ਅਧਿਕਾਰੀਆਂ ਜਾਂ ਟੀ ਵੀ ਕੇ ਵੱਲੋਂ ਇਸ ਬਾਰੇ ਫ਼ੌਰੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਦੀ ਅਰਲੇਕਰ ਨਾਲ ਮੁਲਾਕਾਤ ਹੋਈ ਜਾਂ ਨਹੀਂ ਅਤੇ ਕੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਗਿਆ ਹੈ। ਟੀ ਵੀ ਕੇ ਮੁਖੀ ਕਰੀਬ 40 ਮਿੰਟ ਤੱਕ ਰਾਜਪਾਲ ਦੇ ਨਿਵਾਸ ਅੰਦਰ ਰਹੇ ਅਤੇ ਫਿਰ ਉੱਥੋਂ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਕਾਂਗਰਸ ਸਣੇ 112 ਸਮਰਥਕ ਵਿਧਾਇਕਾਂ ਦੀ ਸੂਚੀ ਸੌਂਪਣ ਦੇ ਬਾਵਜੂਦ, ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਅਜੇ ਤੱਕ ਵਿਜੈ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਦਿੱਤਾ। ਇਸੇ ਦੌਰਾਨ ਟੀ ਵੀ ਕੇ ਕਾਰਕੁਨਾਂ ਨੇ ਲੋਕ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉੱਥੇ ਕੁਝ ਸਮੇਂ ਲਈ ਤਣਾਅ ਵਾਲੀ ਸਥਿਤੀ ਬਣੀ ਰਹੀ। ਉਹ ਮੰਗ ਕਰ ਰਹੇ ਸਨ ਕਿ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਪਾਰਟੀ ਮੁਖੀ ਵਿਜੈ ਨੂੰ ਸਰਕਾਰ ਬਣਾਉਣ ਦੀ ਦਾ ਸੱਦਾ ਦੇਣ।
ਇਸੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਕ੍ਰਿਸਟੋਫਰ ਤਿਲਕ ਨੇ ਅੱਜ ਇਹ ਕਹਿ ਕੇ ਆਪਣੀ ਪਾਰਟੀ ਵੱਲੋਂ ਟੀ ਵੀ ਕੇ ਨੂੰ ਸਰਕਾਰ ਬਣਾਉਣ ਲਈ ਦਿੱਤੇ ਗਏ ਸਮਰਥਨ ਨੂੰ ਜਾਇਜ਼ ਠਹਿਰਾਇਆ ਕਿ ਵਿਜੈ ਧਰਮ ਨਿਰਪੱਖਤਾ ਦੇ ਸਿਧਾਂਤ ਵਿੱਚ ਪੂਰਾ ਭਰੋਸਾ ਰੱਖਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਟੀ ਵੀ ਕੇ ਇਹ ਐਲਾਨ ਕਰੇ ਕਿ ਉਹ ‘ਹਿੰਦੂਤਵ ਸ਼ਕਤੀਆਂ’ ਨਾਲ ਗੱਠਜੋੜ ਨਹੀਂ ਕਰੇਗੀ।
ਟੀ ਵੀ ਕੇ ਨੇ ਸੀ ਪੀ ਆਈ ਤੋਂ ਵੀ ਸਮਰਥਨ ਮੰਗਿਆ
ਅੱਜ ਟੀ ਵੀ ਕੇ ਆਗੂ ਸੀ ਟੀ ਆਰ ਨਿਰਮਲ ਕੁਮਾਰ ਨੇ ਸੀ ਪੀ ਆਈ ਦੇ ਸੂਬਾ ਸਕੱਤਰ ਐੱਮ ਵੀਰਾਪਾਂਡੀਅਨ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਲਈ ਪਾਰਟੀ ਦੀ ਹਮਾਇਤ ਮੰਗੀ। ਟੀ ਵੀ ਕੇ ਦੇ ਸੰਯੁਕਤ ਜਨਰਲ ਸਕੱਤਰ ਨੇ ਇੱਥੇ ਸੀ ਪੀ ਆਈ ਦਫ਼ਤਰ ਦਾ ਦੌਰਾ ਕੀਤਾ ਅਤੇ ਕਮਿਊਨਿਸਟ ਪਾਰਟੀ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਟੀ ਵੀ ਕੇ ਨੇ ਪਹਿਲਾਂ ਹੀ ਖੱਬੀਆਂ ਪਾਰਟੀਆਂ, ਵੀ ਸੀ ਕੇ ਅਤੇ ਆਈ ਯੂ ਐੱਮ ਐੱਲ ਤੋਂ ਸਮਰਥਨ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਭਰੋਸਾ ਜਤਾਇਆ ਕਿ ਟੀ ਵੀ ਕੇ ਹੀ ਸਰਕਾਰ ਬਣਾਏਗੀ। ਦੂਜੇ ਪਾਸੇ ਵੀ ਸੀ ਕੇ ਆਗੂ ਥੋਲ ਤਿਰੂਮਾਵਲਵਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਟੀ ਵੀ ਕੇ ਵੱਲੋਂ ਸਮਰਥਨ ਲਈ ਬੇਨਤੀ ਮਿਲੀ ਹੈ ਅਤੇ ਉਨ੍ਹਾਂ ਦੀ ਪਾਰਟੀ ਦੀ ਉੱਚ-ਪੱਧਰੀ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਵਿਜੈ ਦੀ ਅਗਵਾਈ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣਾ ਹੈ ਜਾਂ ਨਹੀਂ।
ਟੀ ਵੀ ਕੇ ਕੋਲ ਸਰਕਾਰ ਬਣਾਉਣ ਲਈ ਲੋੜੀਂਦਾ ਸਮਰਥਨ ਨਹੀਂ: ਰਾਜਪਾਲ
ਤਾਮਿਲ ਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਅੱਜ ਟੀ ਵੀ ਕੇ ਮੁਖੀ ਵਿਜੈ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਕੋਲ ਸਰਕਾਰ ਬਣਾਉਣ ਲਈ ਲੋੜੀਂਦਾ ਸਮਰਥਨ ਨਹੀਂ ਹੈ। ਲੋਕ ਭਵਨ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ, ‘‘ਟੀ ਵੀ ਕੇ ਮੁਖੀ ਵਿਜੈ ਵੱਲੋਂ ਦੂਜੀ ਵਾਰ ਕੀਤੀ ਗਈ ਮੁਲਾਕਾਤ ਦੌਰਾਨ, ਰਾਜਪਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਾਮਿਲ ਨਾਡੂ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਦਾ ਸਮਰਥਨ ਸਾਬਿਤ ਨਹੀਂ ਹੋਇਆ।’’ ਦੂਜੇ ਪਾਸੇ, ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਵੀ ਸੀ ਕੇ ਮੁਖੀ ਤਿਰੂਮਾਵਲਵਨ ਨੇ ਵਿਜੈ ਨੂੰ ਹੁਣ ਤੱਕ ਸਰਕਾਰ ਬਣਾਉਣ ਲਈ ਸੱਦਾ ਨਾ ਦੇਣ ’ਤੇ ਰਾਜਪਾਲ ਦੀ ਆਲੋਚਨਾ ਕੀਤੀ ਹੈ।
ਟੀ ਵੀ ਕੇ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਬਾਰੇ ਕਾਨੂੰਨੀ ਮਾਹਿਰਾਂ ਦੀ ਰਾਇ ਵੱਖੋ-ਵੱਖਰੀ
ਨਵੀਂ ਦਿੱਲੀ: ਤਾਮਿਲ ਨਾਡੂ ਵਿੱਚ ਟੀ ਵੀ ਕੇ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਵਿੱਚ ਹੋ ਰਹੀ ਕਥਿਤ ਦੇਰ ਬਾਰੇ ਸੰਵਿਧਾਨਕ ਕਾਨੂੰਨ ਮਾਹਿਰਾਂ ਦੀ ਵੱਖੋ-ਵੱਖ ਰਾਇ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਰਾਜਪਾਲ ਨੂੰ ਇਹ ਪੁੱਛਣ ਦਾ ਅਧਿਕਾਰ ਹੈ ਕਿ ਕੀ ਪਾਰਟੀ ਕੋਲ ਬਹੁਮਤ ਹੈ, ਜਦਕਿ ਦੂਜੇ ਮਾਹਿਰਾਂ ਦਾ ਸੁਝਾਅ ਹੈ ਕਿ ਰਾਜਪਾਲ ਕੋਲ ਵਿਜੈ ਦੀ ਅਗਵਾਈ ਵਾਲੀ ਸਭ ਤੋਂ ਵੱਡੀ ਸਿੰਗਲ ਪਾਰਟੀ ਨੂੰ ਸੱਦਾ ਦੇਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ।
ਸੀਨੀਅਰ ਐਡਵੋਕੇਟ ਰਾਕੇਸ਼ ਦਿਵੇਦੀ ਨੇ ਕਿਹਾ ਕਿ ਰਾਜਪਾਲ ਨੂੰ ਇਹ ਪੁੱਛਣ ਅਤੇ ਮੰਗ ਕਰਨ ਦਾ ਅਧਿਕਾਰ ਹੈ ਕਿ ਟੀ ਵੀ ਕੇ ਪਹਿਲੀ ਨਜ਼ਰੇ ਬਹੁਮਤ ਦੇ ਸਮਰਥਨ ਬਾਰੇ ਉਨ੍ਹਾਂ ਨੂੰ ਸੰਤੁਸ਼ਟ ਕਰੇ, ਭਾਵੇਂ ਉਹ ਸਮਰਥਨ ਸਰਕਾਰ ਦੇ ਬਾਹਰੋਂ ਹੋਵੇ ਜਾਂ ਅੰਦਰੋਂ। ਸਰਕਾਰ ਸਥਿਰ ਹੋਣੀ ਚਾਹੀਦੀ ਹੈ। ਸਹਿਯੋਗੀ ਪਾਰਟੀਆਂ ਤੋਂ ਸਮਰਥਨ ਪੱਤਰ ਹਾਸਲ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪਾਰਟੀ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ ਹੈ। ਇਸ ਲਈ, ਟੀ ਵੀ ਕੇ ਨੂੰ ਸਮਰਥਨ ਪੱਤਰ ਦਾਖ਼ਲ ਕਰਨੇ ਚਾਹੀਦੇ ਹਨ ਜਾਂ ਸਮਰਥਨ ਦੇਣ ਵਾਲੇ ਨੇਤਾਵਾਂ ਨੂੰ ਦਾਅਵਾ ਪੇਸ਼ ਕਰਨ ਸਮੇਂ ਰਾਜਪਾਲ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ।
ਦੂਜੇ ਪਾਸੇ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਟੀ ਵੀ ਕੇ ਨੂੰ ਸਰਕਾਰ ਬਣਾਉਣ ਲਈ ਸੱਦਾ ਨਾ ਦਿੱਤੇ ਜਾਣ ਨੂੰ ‘ਨਾਵਾਜਬ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜਪਾਲ ਲਈ ਸਭ ਤੋਂ ਵੱਡੀ ਸਿੰਗਲ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਿਆ ਜਾਣਾ ਬਿਲਕੁਲ ਉਚਿਤ ਹੈ, ਕਿਉਂਕਿ ਅਜਿਹਾ ਨਹੀਂ ਹੈ ਕਿ ਦੂਜੀਆਂ ਦੋ ਪਾਰਟੀਆਂ ਕੋਲ ਮਿਲ ਕੇ ਬਹੁਮਤ ਹੈ। ਇਸ ਲਈ, ਜੇ ਸਭ ਤੋਂ ਵੱਡੀ ਪਾਰਟੀ ਨੇ ਦਾਅਵਾ ਪੇਸ਼ ਕੀਤਾ ਹੈ, ਤਾਂ ਰਾਜਪਾਲ ਨੂੰ ਉਸ ਨੂੰ ਮੌਕਾ ਦੇਣਾ ਚਾਹੀਦਾ ਹੈ।

