ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਆਬਕਾਰੀ ਨੀਤੀ ਕੇਸ ਵਿੱਚ ‘ਆਪ’ ਆਗੂਆਂ ਨੂੰ ਦੋਸ਼ਮੁਕਤ ਐਲਾਨਣ ਦੇ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀ ਸੀ ਬੀ ਆਈ ਦੀ ਅਪੀਲ ਨਾਲ ਸਬੰਧਤ ਕੇਸ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਦੁਰਗੇਸ਼ ਪਾਠਕ ਦਾ ਪੱਖ ਰੱਖਣ ਲਈ ਅਦਾਲਤੀ ਮਿੱਤਰ ਨਿਯੁਕਤ ਕਰੇਗੀ। ਜਸਟਿਸ ਸਵਰਨਾ ਕਾਂਤਾ ਸ਼ਰਮਾ ਵੱਲੋਂ ਸੁਣਵਾਈ ਤੋਂ ਲਾਂਭੇ ਹੋਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਹੋਰਨਾਂ ‘ਆਪ’ ਵਿਧਾਇਕਾਂ ਨੇ ਬੈਂਚ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਸੀ। ਜਸਟਿਸ ਸ਼ਰਮਾ ਦੇ ਬੈਂਚ ਨੇ ਕੇਸ ’ਤੇ ਸੁਣਵਾਈ 8 ਮਈ ਤੱਕ ਮੁਲਤਵੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ‘ਆਪ’ ਆਗੂਆਂ ਦੀ ਨੁਮਾਇੰਦਗੀ ਲਈ ਨਿਯੁਕਤ ਕੀਤੇ ਜਾਣ ਤੋਂ ਬਾਅਦ ਹੀ ਮਾਮਲੇ ਨੂੰ ਅੱਗੇ ਵਧਾਉਣਾ ਵਾਜਬ ਹੋਵੇਗਾ। ਜਸਟਿਸ ਸ਼ਰਮਾ ਨੇ ਕਿਹਾ, ‘‘ਮੈਂ ਅਦਾਲਤੀ ਮਿੱਤਰ ਨਿਯੁਕਤ ਕਰਾਂਗੀ। ਮੈਂ ਇਸ ਕੇਸ ਵਿੱਚ ਤਿੰਨ ਸੀਨੀਅਰ ਵਕੀਲ ਨਿਯੁਕਤ ਕਰਾਂਗੀ।’’ ਸੀ ਬੀ ਆਈ ਵੱਲੋਂ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਕੋਰਟ ਵਿੱਚ ਪੇਸ਼ ਹੋਏ।
Posted inNew Delhi
ਆਬਕਾਰੀ ਕੇਸ: ਹਾਈ ਕੋਰਟ ਕੇਜਰੀਵਾਲ ਲਈ ਅਦਾਲਤੀ ਮਿੱਤਰ ਨਿਯੁਕਤ ਕਰੇਗੀ

