Raghav chadha ਨੇ ਫਿਰ ਬਾਜ਼ੀ ਮਾਰੀ: ਭਗਵੰਤ ਮਾਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮਿਲਿਆ

Raghav chadha ਨੇ ਫਿਰ ਬਾਜ਼ੀ ਮਾਰੀ: ਭਗਵੰਤ ਮਾਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮਿਲਿਆ

ਚੰਡੀਗਡ਼੍ਹ: ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੰਸਦ ਮੈਂਬਰਾਂ ਦਾ ਸਮੂਹ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਅਗਵਾਈ ’ਚ 5 ਮਈ ਨੂੰ ਰਾਸ਼ਟਰਪਤੀ ਦਰਪਦੀ ਮੁਰਮੂ ਨੂੰ ਮਿਲੇਗਾ। ਰਾਸ਼ਟਰਪਤੀ ਭਵਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਾਂ ਹੀ ਤੈਅ ਮੁਲਾਕਾਤ ਤੋਂ ਪਹਿਲਾਂ ਰਾਘਵ ਚੱਢਾ ਸਮੇਤ ਚਾਰ ਸੰਸਦ ਮੈਂਬਰਾਂ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਹ ਸੰਸਦ ਮੈਂਬਰ 5 ਮਈ ਨੂੰ ਸਵੇਰੇ 10.40 ਵਜੇ ਮਿਲਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਲਈ ਉਸੇ ਦਿਨੇ ਦੁਪਹਿਰ 12 ਵਜੇ ਦਾ ਸਮਾਂ ਮੁਕੱਰਰ ਹੈ।

ਰਾਘਵ ਚੱਢਾ ਨਾਲ ਮੁਲਾਕਾਤ ਲਈ ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਰਾਘਵ ਚੱਢਾ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਕਥਿਤ ਵਰਤੋਂ ਸਿਆਸੀ ਬਦਲਾਖ਼ੋਰੀ ਲਈ ਕਰਨ ਅਤੇ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੇ ਜਾਣ ਬਾਰੇ ਜਾਣੂ ਕਰਾਉਣਗੇ। ਸੰਸਦ ਮੈਂਬਰ ਰਾਸ਼ਟਰਪਤੀ ਦੇ ਦਖ਼ਲ ਦੀ ਮੰਗ ਕਰਨਗੇ।

ਪਿਛਲੇ ਦਿਨੀਂ ‘ਆਪ’ ਦੇ ਸੱਤ ਸੰਸਦ ਮੈਂਬਰ ਭਾਜਪਾ ’ਚ ਸ਼ਾਮਲ ਹੋ ਗਏ ਸਨ। ‘ਆਪ’ ਨੂੰ ਛੱਡਣ ਵਾਲੇ ਸੰਸਦ ਮੈਂਬਰ ਰਜਿੰਦਰ ਗੁਪਤਾ ਦੀ ਧੌਲਾ ਸਥਿਤ ਫੈਕਟਰੀ ’ਤੇ 30 ਅਪਰੈਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਛਾਪਾ ਮਾਰਿਆ ਸੀ ਅਤੇ ਸੰਸਦ ਮੈਂਬਰ ਸੰਦੀਪ ਪਾਠਕ ’ਤੇ ਦੋ ਪੁਲੀਸ ਕੇਸ ਦਰਜ ਕੀਤੇ ਜਾਣ ਦੀ ਖ਼ਬਰ ਹੈ। ਸੰਸਦ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸੰਸਦ ਮੈਂਬਰ ਅਸ਼ੋਕ ਮਿੱਤਲ ਦੀਆਂ ਜਾਇਦਾਦਾਂ ਦੀ ਫਰੋਲਾ ਫਰਾਲੀ ਕੀਤੇ ਜਾਣ ਦੀ ਵੀ ਚਰਚਾ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ, ‘‘ਇਹ ਸਿਆਸੀ ਬਦਲਾਖ਼ੋਰੀ ਹੈ ਅਤੇ ਭਗਵੰਤ ਮਾਨ ਪੁਲੀਸ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੇ ਹਨ।’’

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ 5 ਮਈ ਨੂੰ ‘ਆਪ’ ਦੇ ਬਾਗ਼ੀ ਛੇ ਸੰਸਦ ਮੈਂਬਰਾਂ ਦੀ ਰੀਕਾਲ ਕਰਨ ਅਤੇ ਪੰਜਾਬ ਦੇ ਲੋਕਾਂ ਦੇ ਫ਼ਤਵੇ ਦੀ ਰਾਖੀ ਲਈ ਰਾਸ਼ਟਰਪਤੀ ਨੂੰ ਅਪੀਲ ਕਰਨਗੇ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਨੇ ਪਹਿਲੀ ਮਈ ਨੂੰ ਪੰਜਾਬ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕੀਤਾ ਸੀ ਅਤੇ ਮੁੱਖ ਮੰਤਰੀ ਇਸ ਮਤੇ ਦੀ ਕਾਪੀ ਵੀ ਆਪਣੇ ਨਾਲ ਲਿਜਾਣਗੇ। ਮੁੱਖ ਮੰਤਰੀ ਦੇ ਨਾਲ ‘ਆਪ’ ਵਿਧਾਇਕ ਵੀ ਜਾਣ ਦੀ ਤਿਆਰੀ ਖਿੱਚ ਰਹੇ ਹਨ।

Share: