ਅੰਬੇਡਕਰ ਨਗਰ (ਯੂਪੀ): ਇੱਥੇ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਜ਼ਖਮੀਆਂ ਦੀ ਮਦਦ ਲਈ ਇਕੱਠੇ ਹੋਏ ਰਾਹਗੀਰਾਂ ਦੇ ਸਮੂਹ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ, ਜਿਸ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਏਐੱਸਪੀ (ਈਸਟ) ਤੇਜਵੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਕਰੀਬ 11.30 ਵਜੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਜਲਾਲਪੁਰ-ਅਕਬਰਪੁਰ ਰੋਡ ‘ਤੇ ਪੈਂਦੇ ਪਿੰਡ ਅਸ਼ਰਫਪੁਰ ਭੂਆ ਨੇੜੇ ਵਾਪਰਿਆ। ਇੱਥੇ ਇਸ ਤੋਂ ਪਹਿਲਾਂ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ ਸੀ, ਜਿਸ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਦੋਂ ਸਥਾਨਕ ਲੋਕ ਉਨ੍ਹਾਂ ਦੀ ਮਦਦ ਲਈ ਮੌਕੇ ‘ਤੇ ਇਕੱਠੇ ਹੋਏ ਤਾਂ ਇਕ ਤੇਜ਼ ਰਫ਼ਤਾਰ ਕਾਰ ਭੀੜ ਵਿੱਚ ਜਾ ਵੜੀ, ਜਿਸ ਕਾਰਨ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਛੇ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਏਐੱਸਪੀ ਨੇ ਦੱਸਿਆ ਕਿ ਦੋ ਗੰਭੀਰ ਜ਼ਖਮੀਆਂ ਨੂੰ ਪਹਿਲਾਂ ਅੰਬੇਡਕਰ ਨਗਰ ਜ਼ਿਲ੍ਹਾ ਹਸਪਤਾਲ ਅਤੇ ਬਾਅਦ ਵਿੱਚ ਟਾਂਡਾ ਦੇ ਇੱਕ ਉੱਚ ਕੇਂਦਰ ਵਿੱਚ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੈਫੀ (32), ਉੱਤਮ ਕੁਮਾਰ (24), ਆਦਿਤਿਆ ਕੁਮਾਰ (25), ਲਾਲਚੰਦ (24), ਰਾਜੂ ਗੁਪਤਾ (32), ਛੋਟੂ ਅਤੇ ਦੋ ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਦੋਸ਼ੀ ਦੀ ਭਾਲ ਅਤੇ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।

