IRAN ਨੇ 16 ਅਮਰੀਕੀ ਫ਼ੌਜੀ ਅੱਡੇ ਤਬਾਹ ਕੀਤੇ

IRAN ਨੇ 16 ਅਮਰੀਕੀ ਫ਼ੌਜੀ ਅੱਡੇ ਤਬਾਹ ਕੀਤੇ

ਨਵੀਂ ਦਿੱਲੀ: ਪੱਛਮੀ ਏਸ਼ੀਆ ’ਚ ਇਰਾਨ ’ਤੇ ਥੋਪੀ ਜੰਗ ਦੌਰਾਨ ਅਮਰੀਕੀ ਫ਼ੌਜ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ ਸੀ ਐੱਨ ਐੱਨ ਦੀ ਰਿਪੋਰਟ ਮੁਤਾਬਕ ਇਰਾਨੀ ਹਮਲਿਆਂ ਵਿੱਚ ਪੱਛਮੀ ਏਸ਼ੀਆ ਦੇ 8 ਮੁਲਕਾਂ ਵਿੱਚ ਫੈਲੇ ਅਮਰੀਕਾ ਦੇ ਘੱਟੋ-ਘੱਟ 16 ਫ਼ੌਜੀ ਟਿਕਾਣੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਨ੍ਹਾਂ ਵਿੱਚੋਂ ਕਈ ਟਿਕਾਣੇ ਤਾਂ ਵਰਤੋਂ ਦੇ ਯੋਗ ਹੀ ਨਹੀਂ ਰਹੇ।

ਸੀ ਐੱਨ ਐੱਨ ਨੇ ਸੈਟੇਲਾਈਟ ਤਸਵੀਰਾਂ ਅਤੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਰਾਨ ਨੇ ਬਹੁਤ ਹੀ ਸੋਚੀ-ਸਮਝੀ ਰਣਨੀਤੀ ਤਹਿਤ ਅਮਰੀਕਾ ਦੇ ਐਡਵਾਂਸਡ ਰਾਡਾਰ ਸਿਸਟਮ, ਸੰਚਾਰ ਢਾਂਚੇ ਅਤੇ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਮੁਤਾਬਕ ਖੇਤਰ ਵਿੱਚ ਰਾਡਾਰ ਸਿਸਟਮ ਸਭ ਤੋਂ ਮਹਿੰਗੇ ਅਤੇ ਸੀਮਤ ਸਰੋਤ ਹਨ, ਜਿਨ੍ਹਾਂ ਨੂੰ ਮੁੜ ਸਥਾਪਤ ਕਰਨਾ ਬਹੁਤ ਮੁਸ਼ਕਲ ਕੰਮ ਹੈ। ਨੁਕਸਾਨ ਦੀ ਪੂਰਤੀ ਬਾਰੇ ਅਮਰੀਕੀ ਪ੍ਰਸ਼ਾਸਨ ਵਿੱਚ ਵੱਖ ਵੱਖ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਹਨ। ਪੈਂਟਾਗਨ ਦੇ ਕੰਪਟਰੋਲਰ ਜੂਲਿਸ ਜੇਅ ਹਰਸਟ ਤੀਜੇ ਨੇ ਕਾਨੂੰਨਘਾੜਿਆਂ ਨੂੰ ਬੁੱਧਵਾਰ ਨੂੰ ਦੱਸਿਆ ਕਿ ਹੁਣ ਤੱਕ ਇਸ ਜੰਗ ’ਤੇ ਅਮਰੀਕਾ ਦੇ 25 ਅਰਬ ਡਾਲਰ ਖ਼ਰਚ ਹੋ ਚੁੱਕੇ ਹਨ; ਹਾਲਾਂਕਿ ਸੀ ਐੱਨ ਐੱਨ ਦੀ ਰਿਪੋਰਟ ਮੁਤਾਬਕ ਅਸਲ ਨੁਕਸਾਨ ਅਤੇ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ’ਤੇ ਖ਼ਰਚਾ 40 ਤੋਂ 50 ਅਰਬ ਡਾਲਰ ਦੇ ਕਰੀਬ ਹੋ ਸਕਦਾ ਹੈ। ਅਮਰੀਕੀ ਕਾਂਗਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਫ਼ੌਜੀ ਟਿਕਾਣੇ ਇੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ ਕਿ ਉਨ੍ਹਾਂ ਨੂੰ ਹਮੇਸ਼ਾ ਲਈ ਬੰਦ ਕਰਨਾ ਪੈ ਸਕਦਾ ਹੈ ਜਦਕਿ ਕੁਝ ਅਹਿਮ ਰਣਨੀਤਕ ਟਿਕਾਣਿਆਂ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share: