ਕੇ.ਜ਼ੈਡ.ਐਫ. ਮੁਖੀ ਵੱਲੋਂ ਰੇਲਵੇ ਲਾਈਨਾਂ ’ਤੇ ਹਮਲੇ ਦੀ ਧਮਕੀ

ਕੇ.ਜ਼ੈਡ.ਐਫ. ਮੁਖੀ ਵੱਲੋਂ ਰੇਲਵੇ ਲਾਈਨਾਂ ’ਤੇ ਹਮਲੇ ਦੀ ਧਮਕੀ

ਅੰਮ੍ਰਿਤਸਰ: ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਮੁਖੀ ਰਣਜੀਤ ਸਿੰਘ ਨੀਟਾ ਦੇ ਨਾਂ ‘ਤੇ ਜਾਰੀ ਹੋਏ ਇੱਕ ਕਥਿਤ ਆਡੀਓ ਸੰਦੇਸ਼ ਤੋਂ ਬਾਅਦ ਪੰਜਾਬ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ। ਇਸ ਸੰਦੇਸ਼ ਵਿੱਚ ਰੇਲਵੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।

ਹਾਲ ਹੀ ਵਿੱਚ ਸਾਹਮਣੇ ਆਏ ਇਸ ਆਡੀਓ ਵਿੱਚ ਅਗਲੇ ਦਸ ਦਿਨਾਂ ਅੰਦਰ ਰੇਲ ਪਟੜੀਆਂ ਅਤੇ ਰੇਲ ਗੱਡੀਆਂ ਵਿੱਚ ਧਮਾਕੇ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਤਰਨ ਤਾਰਨ ਦੇ ਰਹਿਣ ਵਾਲੇ ਜਗਰੂਪ ਸਿੰਘ ਦੀ ਮੌਤ ਦੇ ਸਬੰਧ ਵਿੱਚ ਦਿੱਤੀ ਗਈ ਹੈ। ਜਗਰੂਪ ਸਿੰਘ ਦੀ 27 ਅਪਰੈਲ ਨੂੰ ਸ਼ੰਭੂ ਅਤੇ ਰਾਜਪੁਰਾ ਵਿਚਕਾਰ ਬੋਥੋਨੀਆ ਪਿੰਡ ਨੇੜੇ ਰੇਲਵੇ ਪਟੜੀ ’ਤੇ ਬੰਬ ਲਗਾਉਂਦੇ ਸਮੇਂ ਹੋਏ ਧਮਾਕੇ ਕਾਰਨ ਮੌਤ ਹੋ ਗਈ ਸੀ।

ਕੌਣ ਹੈ ਰਣਜੀਤ ਸਿੰਘ ਨੀਟਾ?

ਰਣਜੀਤ ਸਿੰਘ ਨੀਟਾ ਨੇ 1993 ਵਿੱਚ ਕੇ.ਜ਼ੈਡ.ਐਫ. (KZF) ਦੀ ਸਥਾਪਨਾ ਕੀਤੀ ਸੀ, ਉਸ ਨੂੰ ਭਾਰਤ ਦੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਦੇ ਤਹਿਤ ਇੱਕ ਅਤਿਵਾਦੀ ਐਲਾਨਿਆ ਗਿਆ ਹੈ। ਉਹ ਭਾਰਤ ਦੇ 20 ਸਭ ਤੋਂ ਲੋੜੀਂਦੇ ਦਹਿਸ਼ਤਗਰਦਾਂ ਵਿੱਚੋਂ ਇੱਕ ਹੈ ਅਤੇ ਇਸ ਵੇਲੇ ਪਾਕਿਸਤਾਨ ਵਿੱਚ ਹੈ। ਮੂਲ ਰੂਪ ਵਿੱਚ ਜੰਮੂ ਦੇ ਸਿੰਬਲ ਕੈਂਪ ਨਾਲ ਸਬੰਧਤ ਨੀਟਾ ਪੰਜਾਬ ਵਿੱਚ ਕਈ ਅੱਤਵਾਦੀ ਹਮਲਿਆਂ ਦਾ ਕੇਂਦਰ ਰਿਹਾ ਹੈ। ਸਮਗਲਰਾਂ ਨਾਲ ਨੇੜਤਾ ਤੋਂ ਬਾਅਦ ਉਹ ਪਾਕਿਸਤਾਨ ਫ਼ਰਾਰ ਹੋ ਗਿਆ ਸੀ ਅਤੇ ਕਥਿਤ ਤੌਰ ’ਤੇ ਪੰਜਾਬ, ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦਾ ਕੰਮ ਕਰ ਰਿਹਾ ਹੈ।

ਅਧਿਕਾਰੀਆਂ ਅਨੁਸਾਰ ਖੁਫੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਸੰਵੇਦਨਸ਼ੀਲ ਸਥਾਨਾਂ ਖਾਸ ਕਰਕੇ ਰੇਲਵੇ ਰੂਟਾਂ ‘ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਭਾਰਤੀ ਰੇਲਵੇ ਨੇ ਵੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ, ਜਿਸ ਵਿੱਚ ਗਸ਼ਤ ਵਧਾਉਣਾ, ਐਂਟੀ-ਸਬੋਤਾਜ (ਤੋੜ-ਫੋੜ ਵਿਰੋਧੀ) ਜਾਂਚ ਅਤੇ ਮੁੱਖ ਸਟੇਸ਼ਨਾਂ ‘ਤੇ ਵਾਧੂ ਫੋਰਸ ਦੀ ਤਾਇਨਾਤੀ ਸ਼ਾਮਲ ਹੈ।

ਹਾਲਾਂਕਿ ਇਸ ਆਡੀਓ ਸੰਦੇਸ਼ ਦੀ ਅਸਲੀਅਤ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ ਪਰ ਪ੍ਰਸ਼ਾਸਨ ਇਸ ਨੂੰ ਹਲਕੇ ਵਿੱਚ ਨਹੀਂ ਲੈ ਰਿਹਾ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਕੇਂਦਰੀ ਅਤੇ ਰਾਜ ਏਜੰਸੀਆਂ ਵਿਚਾਲੇ ਤਾਲਮੇਲ ਨੂੰ ਮਜ਼ਬੂਤ ਕੀਤਾ ਗਿਆ ਹੈ।

Share: