ਕੋਲਕਾਤਾ ਨੇ ਹੈਦਰਾਬਾਦ ਦੀ ਜੇਤੂ ਮੁਹਿੰਮ ਰੋਕੀ

ਕੋਲਕਾਤਾ ਨੇ ਹੈਦਰਾਬਾਦ ਦੀ ਜੇਤੂ ਮੁਹਿੰਮ ਰੋਕੀ

ਹੈਦਰਾਬਾਦ: ਵਰੁਣ ਚੱਕਰਵਰਤੀ ਅਤੇ ਤਜਰਬੇਕਾਰ ਸੁਨੀਲ ਨਾਰਾਇਣ ਦੀ ਘਾਤਕ ਗੇਂਦਬਾਜ਼ੀ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈ ਪੀ ਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਲਗਾਤਾਰ ਪੰਜ ਜਿੱਤਾਂ ਦਾ ਸਿਲਸਿਲਾ ਤੋੜਦਿਆਂ ਉਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਚੱਕਰਵਰਤੀ (3/36) ਅਤੇ ਨਾਰਾਇਣ (2/31) ਦੀ ਅਗਵਾਈ ਹੇਠ ਗੇਂਦਬਾਜ਼ਾਂ ਨੇ ਹੈਦਰਾਬਾਦ ਨੂੰ 19 ਓਵਰਾਂ ਵਿੱਚ 165 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਦੌਰਾਨ ਨਾਰਾਇਣ ਨੇ ਆਈ ਪੀ ਐੱਲ ਵਿੱਚ ਆਪਣੀਆਂ 200 ਵਿਕਟਾਂ ਵੀ ਪੂਰੀਆਂ ਕੀਤੀਆਂ।

166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੇ ਕਪਤਾਨ ਅਜਿੰਕਿਆ ਰਹਾਣੇ (43) ਅਤੇ ਅੰਗਕ੍ਰਿਸ਼ ਰਘੂਵੰਸ਼ੀ (59) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ 10 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ। ਇਹ ਕੋਲਕਾਤਾ ਦੀ ਲਗਾਤਾਰ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਟਰੈਵਿਸ ਹੈੱਡ (61) ਦੀ ਤੇਜ਼ ਪਾਰੀ ਨਾਲ ਹੈਦਰਾਬਾਦ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਉਸ ਦੇ ਆਊਟ ਹੁੰਦਿਆਂ ਹੀ ਟੀਮ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿ ਗਈ ਅਤੇ ਆਖ਼ਰੀ 60 ਦੌੜਾਂ ਦੇ ਅੰਦਰ 9 ਵਿਕਟਾਂ ਗੁਆ ਦਿੱਤੀਆਂ।

Share: