ਮੁੰਬਈ: ਸ਼ੁੱਕਰਵਾਰ ਨੂੰ ਕਾਰੋਬਾਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਅਤੇ ਰੁਪਏ ਵਿੱਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਕੱਢਣ ਕਾਰਨ ਨਿਵੇਸ਼ਕਾਂ ਵਿੱਚ ਘਬਰਾਹਟ ਦਾ ਮਾਹੌਲ ਹੈ। ਬੀ.ਐਸ.ਈ. (BSE) ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 772 ਅੰਕਾਂ ਦੇ ਵੱਡੇ ਨਿਘਾਰ ਨਾਲ 76,876 ‘ਤੇ ਆ ਗਿਆ, ਜਦੋਂਕਿ ਐਨ.ਐਸ.ਈ. (NSE) ਨਿਫਟੀ 205 ਅੰਕ ਡਿੱਗ ਕੇ 23,967 ਦੇ ਪੱਧਰ ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਰੁਪਏ ਦੀ ਹਾਲਤ ਪਤਲੀ, ਪੰਜਵੇਂ ਦਿਨ ਵੀ ਗਿਰਾਵਟ ਜਾਰੀ
ਸਟਾਕ ਮਾਰਕੀਟ ਦੇ ਨਾਲ-ਨਾਲ ਭਾਰਤੀ ਰੁਪਏ ’ਤੇ ਵੀ ਦਬਾਅ ਸਾਫ਼ ਦਿਖਾਈ ਦਿੱਤਾ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 24 ਪੈਸੇ ਟੁੱਟ ਕੇ 94.25 ਦੇ ਇਤਿਹਾਸਕ ਨੀਵੇਂ ਪੱਧਰ ’ਤੇ ਪਹੁੰਚ ਗਿਆ। ਮਾਹਿਰਾਂ ਅਨੁਸਾਰ, ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਪੈਦਾ ਹੋਈ ਅਨਿਸ਼ਚਿਤਤਾ ਕਾਰਨ ਡਾਲਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਕਰੰਸੀ ’ਤੇ ਪੈ ਰਿਹਾ ਹੈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.89 ਫੀਸਦੀ ਦੀ ਤੇਜ਼ੀ ਨਾਲ 106 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਹੈ। ਭਾਵੇਂ ਡੋਨਲਡ ਟਰੰਪ ਦੀ ਵਿਚੋਲਗੀ ਨਾਲ ਇਜ਼ਰਾਈਲ ਅਤੇ ਲੈਬਨਾਨ ਵਿਚਾਲੇ ਜੰਗਬੰਦੀ ਤਿੰਨ ਹਫ਼ਤਿਆਂ ਲਈ ਵਧਾ ਦਿੱਤੀ ਗਈ ਹੈ, ਪਰ ਬਾਜ਼ਾਰ ਇਸ ਨੂੰ ਸਿਰਫ਼ ‘ਆਰਜ਼ੀ ਰਾਹਤ’ ਵਜੋਂ ਦੇਖ ਰਿਹਾ ਹੈ। ਅਮਰੀਕੀ ਫੌਜ ਵੱਲੋਂ ਇਰਾਨੀ ਤੇਲ ਟੈਂਕਰ ਜ਼ਬਤ ਕਰਨ ਅਤੇ ਟਰੰਪ ਦੇ ਸਖ਼ਤ ਬਿਆਨਾਂ ਨੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਪੈਦਾ ਕਰ ਦਿੱਤਾ ਹੈ। ਬਾਜ਼ਾਰ ਵਿੱਚ ਸਭ ਤੋਂ ਵੱਧ ਮਾਰ ਆਈ.ਟੀ. ਸੈਕਟਰ ਨੂੰ ਪਈ ਹੈ।

