ਜੋਹੈਨਸਬਰਗ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਵਿਰੁੱਧ ਉਨ੍ਹਾਂ ਦੀ ਟੀਮ ਦਾ ਆਸ ਨਾਲੋਂ ਘੱਟ ਪ੍ਰਦਰਸ਼ਨ ਸਹੀ ਸਮੇਂ ’ਤੇ ਸਾਹਮਣੇ ਆਇਆ ਹੈ। ਉਨ੍ਹਾਂ ਅਨੁਸਾਰ, ਇਸ ਨਾਲ ਪ੍ਰਬੰਧਨ ਨੂੰ ਆਪਣੀਆਂ ਕਮੀਆਂ ਨੂੰ ਸੁਧਾਰਨ ਅਤੇ ਜੂਨ ਵਿੱਚ ਹੋਣ ਵਾਲੇ ਟੀ20 ਵਿਸ਼ਵ ਕੱਪ ਲਈ ਮਜ਼ਬੂਤ ਵਾਪਸੀ ਕਰਨ ਦਾ ਪੂਰਾ ਸਮਾਂ ਮਿਲੇਗਾ। ਭਾਰਤੀ ਟੀਮ ਨੂੰ ਅਕਤੂਬਰ 2024 ਦੇ ਟੀ20 ਵਿਸ਼ਵ ਕੱਪ ਦੇ ਗਰੁੱਪ ਪੜਾਅ ਵਿੱਚੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਟੀ20 ਕੌਮਾਂਤਰੀ ਲੜੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੁੱਧਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਲੜੀ ਵਿੱਚ ਭਾਰਤ 0-3 ਨਾਲ ਪਿੱਛੇ ਰਹਿ ਗਿਆ ਹੈ; ਅਜੇ ਦੋ ਮੈਚ ਖੇਡੇ ਜਾਣੇ ਬਾਕੀ ਹਨ। ਬੁੱਧਵਾਰ ਨੂੰ ਇੱਥੇ ਤੀਜੇ ਮਹਿਲਾ ਟੀ20 ਕੌਮਾਂਤਰੀ ਵਿੱਚ 9 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਹਰਮਨਪ੍ਰੀਤ ਨੇ ਕਿਹਾ, ‘‘ਪਿਛਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਅਸੀਂ ਵੱਧ ਤੋਂ ਵੱਧ ਟੀ20 ਲੜੀਆਂ ਜਿੱਤੀਆਂ ਹਨ, ਸਿਰਫ਼ ਇਹੀ ਲੜੀ ਹੈ ਜਿਸ ਵਿੱਚ ਅਸੀਂ ਉਸ ਤਰ੍ਹਾਂ ਦੀ ਖੇਡ ਨਹੀਂ ਦਿਖਾ ਸਕੇ ਜਿਵੇਂ ਪਿਛਲੀਆਂ ਲੜੀਆਂ ਵਿੱਚ ਦਿਖਾਈ ਸੀ। ਲੱਗਦਾ ਹੈ, ਇਹ ਚੰਗਾ ਹੈ ਕਿ ਅਸੀਂ ਜੋ ਵੀ ਗਲਤੀਆਂ ਕਰ ਰਹੇ ਹਾਂ, ਉਹ ਹੁਣ ਹੋ ਰਹੀਆਂ ਹਨ ਨਾ ਕਿ ਵਿਸ਼ਵ ਕੱਪ ਦੌਰਾਨ। ਇਹ ਸਿੱਖਣ ਅਤੇ ਮਜ਼ਬੂਤ ਵਾਪਸੀ ਕਰਨ ਦਾ ਸਹੀ ਸਮਾਂ ਹੈ। ਕਪਤਾਨ ਵਜੋਂ ਮੈਂ ਹਰ ਚੀਜ਼ ਨੂੰ ਹਾਂਵਾਚੀ ਢੰਗ ਨਾਲ ਲੈਂਦੀ ਹਾਂ। ਸਾਡੇ ਕੋਲ ਅਜੇ ਵੀ ਦੋ ਮੈਚ ਹਨ ਅਤੇ ਅਸੀਂ ਅਜੇ ਵੀ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ।’’
Posted inSouth Africa
ਭਾਰਤ ਦੀਆਂ ਖ਼ਾਮੀਆਂ ਵੇਲ਼ੇ ਸਿਰ ਸਾਹਮਣੇ ਆਈਆਂ: ਹਰਮਨਪ੍ਰੀਤ ਕੌਰ

