ਅੱਗ ਲੱਗਣ ਕਾਰਨ ਦੋ ਪਿੰਡਾਂ ’ਚ ਦਸ ਏਕੜ ਕਣਕ ਸੜੀ

ਅੱਗ ਲੱਗਣ ਕਾਰਨ ਦੋ ਪਿੰਡਾਂ ’ਚ ਦਸ ਏਕੜ ਕਣਕ ਸੜੀ

ਕੁਰਾਲੀ: ਕਰਾਲੀ-ਰੂਪਨਗਰ ਕੌਮੀ ਸੜਕ ’ਤੇ ਪਿੰਡ ਚੱਕਲਾਂ ਅਤੇ ਸਿੰਘ ਭਗਵੰਤਪੁਰਾ ਦੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਦਸ ਏਕੜ ਕਣਕ ਦੀ ਫ਼ਸਲ ਸੜ ਗਈ ਅਤੇ ਇਸ ਤੋਂ ਵੀ ਵਧੇਰੇ ਰਕਬੇ ਦੀ ਨਾੜ ਸੜ ਗਈ। ਕਿਸਾਨ ਸਮਸ਼ੇਰ ਸਿੰਘ ਚੱਕਲਾਂ ਅਤੇ ਗੁਰਪ੍ਰੀਤ ਸਿੰਘ ਚੱਕਲਾਂ ਨੇ ਦੱਸਿਆ ਕਿ ਖੇਤਾਂ ਵਿੱਚ ਖੜ੍ਹੇ ਟਰਾਂਸਫਾਰਮਰ ਦੀ ਸਪਾਰਕਿੰਗ ਹੋਣ ਕਾਰਨ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਅਤੇ ਇਹ ਅੱਗ ਕੁਝ ਸਮੇਂ ਵਿੱਚ ਹੀ ਬਹੁਤ ਦੂਰ ਤੱਕ ਫੈਲ ਗਈ। ਉਨ੍ਹਾਂ ਕਿਹਾ ਕਿ ਇਸ ਕਾਰਨ ਦੋਵਾਂ ਦੀ ਕਰੀਬ ਦਸ ਏਕੜ ਕਣਕ ਦੀ ਫ਼ਸਲ ਸੜ੍ਹ ਗਈ ਜਦਕਿ ਕਰੀਬ ਦਸ ਏਕੜ ਕਣਕ ਦਾ ਨਾੜ ਵੀ ਸੜ ਗਿਆ। ਇਸ ਦੌਰਾਨ ਖੇਤਾਂ ਵਿੱਚ ਖੜ੍ਹੀ ਟਰਾਲੀ ਵੀ ਸੜ ਗਈ ਜਦਕਿ ਹੋਰ ਮਸ਼ੀਨਰੀ ਕਿਸੇ ਤਰ੍ਹਾਂ ਬਚਾਅ ਲਈ ਗਈ। ਉਨ੍ਹਾਂ ਦੱਸਿਆ ਕਿ ਅੱਗ ਸਬੰਧੀ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀ ਗੱਡੀ ਘੰਟੇ ਬਾਅਦ ਪਹੁੰਚੀ ਅਤੇ ਇਕੱਠੇ ਹੋਏ ਲੋਕਾਂ ਨੇ ਖੁਦ ਉਪਰਾਲੇ ਕਰਕੇ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ 50 ਹਜ਼ਾਰ ਪ੍ਰਤੀ ਏਕੜ ਠੇਕੇ ’ਤੇ ਲੈ ਕੇ ਕਣਕ ਬੀਜੀ ਸੀ ਅਤੇ ਸਾਰੀ ਫ਼ਸਲ ਸੜ੍ਹ ਕੇ ਰਾਖ ਹੋ ਗਈ।

ਮੌਕੇ ’ਤੇ ਪੁੱਜੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਚੱਕਲਾਂ ਦੀ ਛੇ ਏਕੜ ਅਤੇ ਗੁਰਪ੍ਰੀਤ ਸਿੰਘ ਦੀ ਚਾਰ ਏਕੜ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਹੋਇਆ ਜਦਕਿ ਅੱਧੀ ਦਰਜਨ ਕਿਸਾਨਾਂ ਦਾ 10 ਏਕੜ ਨਾੜ ਸੜ ਗਿਆ। ਉਨ੍ਹਾਂ ਬਾਬਾ ਗਾਜ਼ੀ ਦਾਸ ਕਲੱਬ ਰੋਡਮਾਜਰਾ ਵੱਲੋਂ ਦੋਵੇਂ ਕਿਸਾਨਾਂ ਨੂੰ 51 ਹਜ਼ਾਰ ਰੁਪਏ ਮੌਕੇ ’ਤੇ ਦਿੱਤੇ। ਉਨ੍ਹਾਂ ਸਰਕਾਰ ਕੋਲੋਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ।

Share: