ਬਦਾਯੂੰ: ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਲਾੜੀ ਦੀ ਵਿਦਾਇਗੀ ਮੌਕੇ ਪੈਲੇਸ ’ਚ ਵੜੇ ਆਵਾਰਾ ਕੁੱਤੇ ਨੇ ਵਿਆਹ ’ਚ ਸ਼ਾਮਲ ਦੋਵਾਂ ਪਾਸਿਆਂ ਦੇ 60 ਤੋਂ ਵੱਧ ਲੋਕਾਂ ਨੂੰ ਕੱਟ ਲਿਆ। ਘਟਨਾ ਸੋਮਵਾਰ ਸਵੇਰੇ ਬਿਸੌਲੀ ਥਾਣੇ ਅਧੀਨ ਪੈਂਦੇ ਬਿਲਸੀ ਰੋਡ ’ਤੇ ਅਭਿਨੰਦਨ ਬੈਂਕੁਇਟ ਹਾਲ ’ਚ ਵਾਪਰੀ ਜਦੋਂ ਆਵਾਰਾ ਕੁੱਤਾ ਕੰਪਲੈਕਸ ’ਚ ਵੜ ਗਿਆ ਅਤੇ ਮਹਿਮਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਮੌਕੇ ਦੇ ਗਵਾਹਾਂ ਮੁਤਾਬਕ ਕੁੱਤੇ ਦੇ ਅਚਾਨਕ ਹਮਲੇ ਕਾਰਨ ਸਮਾਗਮ ’ਚ ਭਗਦੜ ਵਰਗੀ ਸਥਿਤੀ ਬਣ ਗਈ ਅਤੇ ਕਈ ਲੋਕ ਬਚ ਕੇ ਭੱਜਣ ਦੇ ਚੱਕਰ ’ਚ ਇੱਕ-ਦੂਜੇ ’ਤੇ ਡਿੱਗ ਪਏ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ।
ਅਧਿਕਾਰੀਆਂ ਮੁਤਾਬਕ ਵਿਆਹ ’ਚ ਮਹਿਮਾਨਾਂ ’ਤੇ ਹਮਲੇ ਮਗਰੋਂ ਆਵਾਰਾ ਕੁੱਤਾ ਬਾਹਰ ਭੱਜ ਗਿਆ ਅਤੇ ਸੜਕ ਕਿਨਾਰੇ ਕਈ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਕੱਟ ਲਿਆ। ਬਾਅਦ ’ਚ ਕੁੱਤੇ ਨੇ ਪਿੰਡ ਵਿੱਚ ਪਸ਼ੂਆਂ ’ਤੇ ਵੀ ਹਮਲਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਆਵਾਰਾ ਕੁੱਤੇ ਦੇ ਹਮਲੇ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਬਿਸੌਲੀ ਸਥਿਤ ਕਥਿਤ ਕਮਿਊਂਨਿਟੀ ਸਿਹਤ ਕੇਂਦਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਰੈਬੀਜ਼ ਦੀ ਰੋਕਥਾਮ ਲਈ ਟੀਕੇ ਲਾਏ ਗਏ। ਸੀ ਐੱਚ ਸੀ ਦੇ ਮੈਡੀਕਲ ਅਧਿਕਾਰੀ ਮੁਤਾਬਕ ਅਰਵਿੰਦ ਵਰਮਾ ਨੇ ਦੱਸਿਆ ਕਿ 109 ਜਣਿਆਂ ਜਿਨ੍ਹਾਂ ਵਿੱਚੋ ਲਗਪਗ 60 ਜਣੇ ਵਿਆਹ ’ਚ ਹੋਈ ਘਟਨਾ ਦੇ ਪੀੜਤ ਸਨ, ਨੂੰ ਹਲਕਾਅ ਤੋਂ ਬਚਾਅ ਸਬੰਧੀ ਟੀਕੇ ਲਾਏ ਗਏ।

