ਵਾਸ਼ਿੰਗਟਨ: ਅਮਰੀਕੀ ਕਾਂਗਰਸਮੈਨ ਬ੍ਰੈਡ ਸ਼ਰਮਨ ਨੇ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਹੈ ਕਿ ਉਹ ਆਪਣੀ ਧਰਤੀ ’ਤੇ ਪਲ ਰਹੇ ਲਸ਼ਕਰ-ਏ-ਤੋਇਬਾ (LeT) ਅਤੇ ਜੈਸ਼-ਏ-ਮੁਹੰਮਦ (JeM) ਵਰਗੇ ਅਤਿਵਾਦੀ ਸੰਗਠਨਾਂ ਵਿਰੁੱਧ ਤੁਰੰਤ ਕਾਰਵਾਈ ਕਰੇ। ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਵੱਲੋਂ ‘ਅਤਿਵਾਦ ਦੀ ਮਨੁੱਖੀ ਕੀਮਤ’ (Human Cost of Terrorism) ਵਿਸ਼ੇ ’ਤੇ ਲਗਾਈ ਗਈ ਇੱਕ ਡਿਜੀਟਲ ਪ੍ਰਦਰਸ਼ਨੀ ਦੌਰਾਨ ਸ਼ਰਮਨ ਨੇ 2025 ਦੇ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਯਾਦ ਕੀਤਾ। ਇਸ ਹਮਲੇ ਵਿੱਚ 26 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ।
ਬ੍ਰੈਡ ਸ਼ਰਮਨ ਨੇ ਕਿਹਾ ਕਿ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ‘ਦ ਰੇਸਿਸਟੈਂਸ ਫਰੰਟ’ (TRF) ਦੇ ਸਿੱਧੇ ਸਬੰਧ ਲਸ਼ਕਰ-ਏ-ਤੋਇਬਾ ਨਾਲ ਹਨ, ਜਿਸ ਨੂੰ ਪਾਕਿਸਤਾਨ ਵਿੱਚ ਪਨਾਹ ਮਿਲ ਰਹੀ ਹੈ। ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ’ਤੇ ਅਤਿਵਾਦੀ ਢਾਂਚੇ ਨੂੰ ਖ਼ਤਮ ਕਰਨ ਲਈ ਦਬਾਅ ਪਾਇਆ ਜਾਵੇ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨੀ ਕੈਪੀਟਲ ਹਿਲ ਵਿਖੇ ਅਜਿਹੇ ਸਮੇਂ ਲਗਾਈ ਗਈ ਜਦੋਂ ਪਾਕਿਸਤਾਨ ਅਮਰੀਕਾ-ਈਰਾਨ ਜੰਗ ਵਿੱਚ ਵਿਚੋਲੇ ਵਜੋਂ ਆਪਣੀ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਅਤਿਵਾਦ ਦੇ ਖ਼ਾਤਮੇ ਲਈ ਭਾਰਤ ਦੇ ਦ੍ਰਿੜ ਇਰਾਦੇ ਨੂੰ ਦੁਨੀਆ ਸਾਹਮਣੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਮਨੁੱਖਤਾ ਲਈ ਇੱਕ ਕੋਹੜ ਹੈ ਅਤੇ ਪੂਰੀ ਦੁਨੀਆ ਨੂੰ ਇਸ ਵਿਰੁੱਧ ਇਕਜੁੱਟ ਹੋ ਕੇ ਲੜਨਾ ਪਵੇਗਾ। ਇਸ ਪ੍ਰਦਰਸ਼ਨੀ ਵਿੱਚ 1993 ਦੇ ਮੁੰਬਈ ਬੰਬ ਧਮਾਕੇ ਅਤੇ 2008 ਦੇ 26/11 ਹਮਲੇ ਸਮੇਤ ਹੋਰ ਵੱਡੇ ਹਮਲਿਆਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ।
ਸਮਾਗਮ ਵਿੱਚ ਸ਼ਾਮਲ ਹੋਏ ਹੋਰ ਅਮਰੀਕੀ ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਰੋ ਖੰਨਾ ਅਤੇ ਲੀਜ਼ਾ ਮੈਕਲੇਨ ਵੀ ਸ਼ਾਮਲ ਸਨ, ਨੇ ਭਾਰਤ ਅਤੇ ਅਮਰੀਕਾ ਵਿਚਾਲੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਰੱਖਿਆ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ 90 ਦੇ ਦਹਾਕੇ ਦੀਆਂ ਚਿਤਾਵਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਅਤਿਵਾਦ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੈ, ਬਲਕਿ ਇਹ ਪੂਰੀ ਦੁਨੀਆ ਦੀ ਆਜ਼ਾਦੀ ਅਤੇ ਲੋਕਤੰਤਰ ਲਈ ਇੱਕ ਵਿਸ਼ਵਵਿਆਪੀ ਖਤਰਾ ਹੈ।

