E D ਦੇ ਛਾਪਿਆਂ ਤੋਂ ਸਿਆਸਤ ਭਖੀ

ਚੰਡੀਗਡ਼੍ਹ: ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਸ਼ੋਕ ਮਿੱਤਲ ਦੇ ਪੰਜਾਬ ਸਥਿਤ ਘਰ, ਯੂਨੀਵਰਸਿਟੀ ਤੇ ਹੋਰਨਾਂ ਟਿਕਾਣਿਆਂ ’ਤੇ ਈ ਡੀ ਦੇ ਛਾਪਿਆਂ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ਼ ਗਈ ਹੈ। ‘ਆਪ’ ਨੇ ਈ ਡੀ ਦੀ ਕਾਰਵਾਈ ਨੂੰ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਦੂਜੇ ਪਾਸੇ, ਭਾਜਪਾ ਆਗੂਆਂ ਨੇ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ਈ ਡੀ ਦੇ ਛਾਪਿਆਂ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ‘ਆਪ’ ਆਗੂਆਂ ਨੂੰ ਡਰਾਉਣ ਲਈ ਛਾਪੇ ਮਾਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰ ਰਹੀ ਹੈ। ਇਸੇ ਕਰ ਕੇ ‘ਆਪ’ ਆਗੂਆਂ ਦੇ ਘਰਾਂ ਤੇ ਹੋਰਨਾਂ ਟਿਕਾਣਿਆਂ ’ਤੇ ਈ ਡੀ ਨੇ ਛਾਪੇ ਮਾਰੇ ਹਨ। ਪਰ ‘ਆਪ’ ਆਗੂ ਡਰਨ ਜਾਂ ਦਬਣ ਵਾਲੇ ਨਹੀਂ ਹਨ। ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਹਮੇਸ਼ਾ ਚੋਣਾਂ ਤੋਂ ਪਹਿਲਾਂ ਫ਼ੌਜ, ਸੀ ਬੀ ਆਈ ਜਾਂ ਈ ਡੀ ਦੀ ਵਰਤੋਂ ਕਰਦੀ ਹੈ।

ਭ੍ਰਿਸ਼ਟ ਤੰਤਰ ਦੀ ਰਾਖੀ ਕਰ ਰਹੇ ਹਨ ਮੁੱਖ ਮੰਤਰੀ: ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੌਲਰੈਂਸ’ ਦੇ ਸਿਧਾਂਤ ’ਤੇ ਕੰਮ ਕਰ ਰਹੇ ਹੁੰਦੇ ਤਾਂ ਅੱਜ ਈ ਡੀ ਜਾਂ ਸੀ ਬੀ ਆਈ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਪੈਣੀ। ਮੁੱਖ ਮੰਤਰੀ ਭ੍ਰਿਸ਼ਟ ਤੰਤਰ ਦੀ ਰਾਖੀ ਕਰ ਰਹੇ ਹਨ। ਹਾਈ ਕੋਰਟ ਦੀਆਂ ਟਿੱਪਣੀਆਂ ਨੇ ਸਰਕਾਰ ਦੀ ਨੀਅਤ ਸਾਫ਼ ਕਰ ਦਿੱਤੀ ਹੈ।

Share: