ਬਠਿੰਡਾ: ਸੀਬੀਐੱਸਈ ਵੱਲੋਂ ਬੀਤੇ ਦਿਨ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੇਂਟ ਜੇਵੀਅਰਜ਼ ਸਕੂਲ (ਰਾਮਪੁਰਾ ਫੂਲ) ਦੇ ਕੁਨਾਲ ਬਾਂਸਲ ਅਤੇ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਮਿਆਂਕ ਬਾਂਸਲ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਿਖਰਲੇ ਸਥਾਨ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਸੇਂਟ ਜੇਵੀਅਰਜ਼ ਸਕੂਲ, ਬਠਿੰਡਾ ਦੇ ਰਾਘਵ ਗਰਗ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਅਗਲਾ ਸਥਾਨ ਹਾਸਲ ਕੀਤਾ, ਜਦਕਿ ਜਾਨਵੀ ਬਾਂਸਲ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰਕੇ ਉੱਚ ਪ੍ਰਦਰਸ਼ਨ ਕੀਤਾ ਹੈ।
ਨਤੀਜੇ ਐਲਾਨ ਹੋਣ ਉਪਰੰਤ ਸਕੂਲਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਅਧਿਆਪਕਾਂ, ਮਾਪਿਆਂ ਤੇ ਸਾਥੀ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਮਿਹਨਤ ਅਤੇ ਅਧਿਆਪਕਾਂ ਦੇ ਸਿਰ ਬੰਨ੍ਹਿਆ।
ਬਠਿੰਡਾ ਦੇ ਵੱਖ-ਵੱਖ ਸਕੂਲਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ ਦਰਜੇ (ਫਸਟ ਡਿਵੀਜ਼ਨ) ਵਿੱਚ ਪਾਸ ਹੋ ਕੇ ਜ਼ਿਲ੍ਹੇ ਅਤੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਚਮਕਾਇਆ ਹੈ।
