ਨਵੀਂ ਦਿੱਲੀ: ਦੱਖਣੀ-ਪੱਛਮੀ ਦਿੱਲੀ ਦੇ ਪਾਲਮ ਇਲਾਕੇ ਵਿੱਚ ਅੱਜ ਸਵੇਰੇ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਨੌਂ ਜੀਆਂ ਦੀ ਮੌਤ ਹੋ ਗਈ। ਇਸ ਦੌਰਾਨ ਜਾਨ ਬਚਾਉਣ ਲਈ ਇਮਾਰਤ ਤੋਂ ਛਾਲ ਮਾਰਨ ਵਾਲੇ ਤਿੰਨ ਹੋਰ ਮੈਂਬਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਲਾਡੋ (70), ਉਸ ਦੇ ਪੁੱਤਰ ਪ੍ਰਵੇਸ਼ (33) ਤੇ ਕਮਲ (39), ਨੂੰਹ ਆਸ਼ੂ (35), ਧੀ ਹਿਮਾਂਸ਼ੀ (22), ਦੀਪਿਕਾ (28) ਅਤੇ ਤਿੰਨ ਨਾਬਾਲਗ ਬੱਚੀਆਂ (15, 6 ਤੇ 3 ਸਾਲ) ਸ਼ਾਮਲ ਹਨ। ਜ਼ਖਮੀਆਂ ਵਿੱਚ ਅਨਿਲ (32), ਉਸ ਦੀ ਦੋ ਸਾਲਾ ਧੀ ਅਤੇ ਸਚਿਨ (29) ਸ਼ਾਮਲ ਹਨ, ਜਿਨ੍ਹਾਂ ਦਾ ਸਫ਼ਦਰਜੰਗ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਂਚ ਵਿੱਚ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਪਾਲਮ ਮੈਟਰੋ ਸਟੇਸ਼ਨ ਨੇੜੇ ਰਾਮ ਚੌਕ ਮਾਰਕੀਟ ਸਥਿਤ ਇਸ ਇਮਾਰਤ ਦੀਆਂ ਹੇਠਲੀਆਂ ਤਿੰਨ ਮੰਜ਼ਿਲਾਂ (ਬੇਸਮੈਂਟ, ਗਰਾਊਂਡ ਤੇ ਪਹਿਲੀ) ’ਤੇ ਕੱਪੜੇ ਅਤੇ ਕਾਸਮੈਟਿਕ ਦਾ ਸ਼ੋਅਰੂਮ ਸੀ, ਜਦਕਿ ਉਪਰਲੀਆਂ ਮੰਜ਼ਿਲਾਂ ’ਤੇ ਮਾਲਕ ਰਾਜੇਂਦਰ ਕਸ਼ਯਪ ਦਾ ਪਰਿਵਾਰ ਰਹਿੰਦਾ ਸੀ। ਚਸ਼ਮਦੀਦਾਂ ਮੁਤਾਬਕ ਅੱਗ ਸਵੇਰੇ ਕਰੀਬ 6.15 ਵਜੇ ਲੱਗੀ। ਦੁਕਾਨ ਵਿੱਚ ਪਰਫਿਊਮ ਅਤੇ ਹੋਰ ਜਲਣਸ਼ੀਲ ਕਾਸਮੈਟਿਕ ਸਾਮਾਨ ਹੋਣ ਕਾਰਨ ਅੱਗ ਤੇਜ਼ੀ ਨਾਲ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ। ਮੌਕੇ ’ਤੇ ਪਹੁੰਚੀਆਂ 30 ਫਾਇਰ ਬ੍ਰਿਗੇਡ ਗੱਡੀਆਂ, ਪੁਲੀਸ ਅਤੇ ਐਨ ਡੀ ਆਰ ਐੱਫ ਦੀਆਂ ਟੀਮਾਂ ਨੇ ਸਖ਼ਤ ਮੁਸ਼ੱਕਤ ਬਾਅਦ ਦੁਪਹਿਰ 2.20 ਵਜੇ ਤੱਕ ਅੱਗ ’ਤੇ ਕਾਬੂ ਪਾਇਆ। ਖੁਸ਼ਕਿਸਮਤੀ ਰਹੀ ਕਿ ਘਰ ਦੇ ਮਾਲਕ ਰਾਜੇਂਦਰ ਕਸ਼ਯਪ ਅਤੇ ਕੁਝ ਹੋਰ ਮੈਂਬਰ ਘਰੋਂ ਬਾਹਰ ਹੋਣ ਕਾਰਨ ਬਚ ਗਏ।
ਚਾਰਜਿੰਗ ਪੁਆਇੰਟ ਫਟਣ ਕਾਰਨ ਅੱਗ ਲੱਗੀ; ਅੱਠ ਹਲਾਕ
ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਅੱਜ ਸਵੇਰੇ ਇਲੈਕਟ੍ਰਿਕ ਵਾਹਨ (ਈ ਵੀ) ਦਾ ਚਾਰਜਿੰਗ ਪੁਆਇੰਟ ਫਟਣ ਕਰ ਕੇ ਲੱਗੀ ਅੱਗ ਕਾਰਨ ਇੱਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਜਦੋਂ ਬ੍ਰਜੇਸ਼ਵਰੀ ਅਨੈਕਸ ਕਲੋਨੀ ਵਿੱਚ ਵਪਾਰੀ ਮਨੋਜ ਪੁਗਲੀਆ ਦੇ ਘਰ ਬਾਹਰ ਕਾਰ ਚਾਰਜ ਹੋ ਰਹੀ ਸੀ ਤਾਂ ਅਚਾਨਕ ਧਮਾਕਾ ਹੋਇਆ। ਅੱਗ ਨੇ ਜਲਦੀ ਹੀ ਤਿੰਨ ਮੰਜ਼ਿਲਾਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਘਰ ਵਿੱਚ ਰੱਖੇ 10-11 ਐੱਲ ਪੀ ਜੀ ਸਿਲੰਡਰਾਂ ’ਚੋਂ ਕੁਝ ਦੇ ਫਟਣ ਕਾਰਨ ਅੱਗ ਹੋਰ ਭੜਕ ਗਈ। ਮ੍ਰਿਤਕਾਂ ਵਿੱਚ ਦੋ ਬੱਚੇ ਅਤੇ ਤਿੰਨ ਔਰਤਾਂ ਸ਼ਾਮਲ ਹਨ। ਪੁਲੀਸ ਨੇ ਗਰਿੱਲ ਤੋੜ ਕੇ ਤਿੰਨ ਵਿਅਕਤੀਆਂ ਨੂੰ ਬਚਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਨੇ ਮਾਹਿਰਾਂ ਦੀ ਕਮੇਟੀ ਰਾਹੀਂ ਜਾਂਚ ਅਤੇ ਈ ਵੀ ਚਾਰਜਿੰਗ ਲਈ ਨਵੇਂ ਨਿਯਮ ਤਿਆਰ ਕਰਨ ਦੇ ਹੁਕਮ ਦਿੱਤੇ ਹਨ।

