ਪੰਜਾਬ ਨੇ ਕੇਂਦਰ ਤੋਂ ਆਰ ਡੀ ਐੱਫ ਦੇ ਬਕਾਇਆ 8800 ਕਰੋੜ ਮੰਗੇ

ਪੰਜਾਬ ਨੇ ਕੇਂਦਰ ਤੋਂ ਆਰ ਡੀ ਐੱਫ ਦੇ ਬਕਾਇਆ 8800 ਕਰੋੜ ਮੰਗੇ

ਚੰਡੀਗਡ਼੍ਹ: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ ਰੋਕਣ ਵਿੱਚ ਪੰਜਾਬ ਦੀ ਸਫਲਤਾ ਨੂੰ ਸਿਰਫ਼ ਜ਼ੁਬਾਨੀ ਸਵੀਕਾਰ ਕਰਨਾ ਹੀ ਕਾਫ਼ੀ ਨਹੀਂ, ਸਗੋਂ ਕੇਂਦਰ ਨੂੰ ਹੁਣ ਸੂਬੇ ਦੇ ਬਕਾਇਆ ਪਏ ਆਰ ਡੀ ਐੱਫ (ਪੇਂਡੂ ਵਿਕਾਸ ਫੰਡ) ਦੇ 8800 ਕਰੋੜ ਰੁਪਏ ਵੀ ਤੁਰੰਤ ਜਾਰੀ ਕਰਨੇ ਚਾਹੀਦੇ ਹਨ। ਖੁੱਡੀਆਂ ਨੇ ਕਿਹਾ ਕਿ ਕੇਂਦਰੀ ਵਾਤਾਵਰਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਵਿੱਚ ਮੰਨਿਆ ਕਿ ਸਾਲ 2022 ਤੋਂ ਪੰਜਾਬ ਤੇ ਹਰਿਆਣਾ ਵਿੱਚ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਵਿੱਚ 90 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਖ਼ੂਨ-ਪਸੀਨਾ ਵਹਾ ਕੇ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਇਆ ਹੈ ਪਰ ਕੇਂਦਰ ਸਰਕਾਰ ਸੂਬੇ ਦੇ ਹੱਕੀ ਪੈਸੇ ਨਹੀਂ ਦੇ ਰਹੀ। ਉਨ੍ਹਾਂ ਪੇਂਡੂ ਵਿਕਾਸ ਫੰਡ ਦੇ ਬਕਾਇਆ 8800 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਪੰਜਾਬ ਸਰਕਾਰ ਨੇ ਬਕਾਇਆ ਲੈਣ ਲਈ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾਇਆ ਹੈ, ਪਰ ਹਾਲੇ ਤੱਕ ਫੰਡ ਨਹੀਂ ਮਿਲੇ। ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀ ਵਿਗੜਦੀ ਹਵਾ ਦੀ ਗੁਣਵੱਤਾ ਲਈ ਸਿਰਫ਼ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ, ਪਰ ਹੁਣ ਕੇਂਦਰ ਸਰਕਾਰ ਦੇ ਆਪਣੇ ਸੈਟੇਲਾਈਟ ਡੇਟਾ ਨੇ ਹੀ ਸਾਰੇ ਦੋਸ਼ ਨਕਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿੱਤੀ ਵਰ੍ਹੇ 2025-26 ਦੌਰਾਨ ਸੂਬੇ ਦੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਖ਼ਰੀਦ ’ਤੇ 416 ਕਰੋੜ ਰੁਪਏ ਅਤੇ ਸਾਲ 2026-27 ਲਈ 600 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ।

Share: