ਮੱਧ-ਪੂਰਬ ਸੰਕਟ: ਜੈਸ਼ੰਕਰ ਵੱਲੋਂ ਸੰਵਾਦ ਦੀ ਲੋੜ ’ਤੇ ਜ਼ੋਰ

ਮੱਧ-ਪੂਰਬ ਸੰਕਟ: ਜੈਸ਼ੰਕਰ ਵੱਲੋਂ ਸੰਵਾਦ ਦੀ ਲੋੜ ’ਤੇ ਜ਼ੋਰ

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਅੱਜ ਦੱਸਿਆ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਯੂਰੋਪੀਅਨ ਯੂਨੀਅਨ ਦੇ ਸਿਖਰਲੇ ਪ੍ਰਤੀਨਿਧ ਤੇ ਉਪ ਪ੍ਰਧਾਨ ਕਾਜਾ ਕੱਲਾਸ ਦੇ ਸੱਦੇ ਉਤੇ ਬਰੱਸਲਜ਼ ਦਾ ਦੌਰਾ ਕੀਤਾ ਹੈ। ਪੱਛਮੀ ਏਸ਼ੀਆ ਵਿਚ ਹਾਲੀਆ ਘਟਨਾਵਾਂ ’ਤੇ ਵੱਖ-ਵੱਖ ਮੰਤਰਾਲਿਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਸੰਕਟ ਦੇ ਖ਼ਾਤਮੇ ਲਈ ਸੰਵਾਦ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਜੈਸਵਾਲ ਮੁਤਾਬਕ ਜੈਸ਼ੰਕਰ ਯੂਰੋਪੀਅਨ ਯੂਨੀਅਨ ਦੀ ਵਿਦੇਸ਼ ਮਾਮਲਿਆਂ ਬਾਰੇ ਪਰਿਸ਼ਦ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਬਰੱਸਲਜ਼ ਗਏ ਸਨ। ਵਿਦੇਸ਼ ਮੰਤਰੀ ਦੋ ਦਿਨਾਂ ਲਈ ਯੂਰੋਪ ਦੇ ਦੌਰ ਉਤੇ ਸਨ। ਐਕਸ ਉਤੇ ਇਕ ਪੋਸਟ ਵਿਚ ਜੈਸ਼ੰਕਰ ਨੇ ਦੱਸਿਆ ਕਿ ਬਰੱਸਲਜ਼ ਦਾ ਦੌਰਾ ਉਸਾਰੂ ਰਿਹਾ ਹੈ।

ਵਿਦੇਸ਼ ਨੀਤੀ ’ਤੇ ਰਣਨੀਤਕ ਦਸਤਾਵੇਜ਼ ਤਿਆਰ ਕਰਨ ਦੀ ਸਿਫ਼ਾਰਿਸ਼

ਨਵੀਂ ਦਿੱਲੀ: ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਸਿਫ਼ਾਰਿਸ਼ ਕੀਤੀ ਹੈ ਕਿ ਅਜਿਹੇ ਰਸਮੀ ਰਣਨੀਤਕ ਦਸਤਾਵੇਜ਼ ਉਤੇ ਤਰਜੀਹੀ ਅਧਾਰ ’ਤੇ ਕੰਮ ਕੀਤਾ ਜਾਵੇ ਜੋ ਸਪੱਸ਼ਟ ਤੌਰ ’ਤੇ ਭਾਰਤ ਦੀ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਦਰਸਾਉਂਦਾ ਹੋਵੇ। ਕਮੇਟੀ ਨੇ ਕਿਹਾ ਹੈ ਕਿ ਇਸ ਦਸਤਾਵੇਜ਼ ਦੀ ਅਣਹੋਂਦ ਅਜਿਹੇ ਮੁਲਕ ਦੀ ‘ਵੱਡੀ ਘਾਟ’ ਹੈ ਜਿਸ ਦਾ ਐਨਾ ਵੱਡਾ ਆਲਮੀ ਦਰਜਾ, ਖ਼ਾਹਿਸ਼ਾਂ ਅਤੇ ਵਿਆਪਕ ਕੌਮਾਂਤਰੀ ਰਾਬਤਾ ਹੈ। ਕਮੇਟੀ ਦੀ ਅਗਵਾਈ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਕਰ ਰਹੇ ਹਨ। ਕਮੇਟੀ ਨੇ ਆਪਣੀ ਰਿਪੋਰਟ ਵਿਚ ਅਜਿਹੇ 36 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਕੋਲ ਅਜਿਹਾ ਰਣਨੀਤਕ ਦਸਤਾਵੇਜ਼ ਹੈ। 

Share: