ਨਵੀਂ ਦਿੱਲੀ: ਭਾਰਤੀ ਟੀ-20 ਕ੍ਰਿਕਟ ਟੀਮ ਦਾ ਕਪਤਾਨ ਸੂਰਿਆਕੁਮਾਰ ਯਾਦਵ ਭਾਵੇਂ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ, ਪਰ ਕ੍ਰਿਕਟ ਦੇ ਮੈਦਾਨ ਵਿੱਚ ਉਸ ਨੇ 80 ਫ਼ੀਸਦੀ ਅੰਕ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਵਿਸ਼ਵ ਕੱਪ ਖ਼ਿਤਾਬ ਦਾ ਬਚਾਅ ਕਰਨ ਵਾਲੇ ਸੂਰਿਆਕੁਮਾਰ ਦੀ ਕਪਤਾਨੀ ਹੇਠ ਭਾਰਤ ਨੇ 52 ਮੈਚ ਖੇਡੇ, ਜਿਨ੍ਹਾਂ ’ਚੋਂ ਟੀਮ ਨੇ 42 ’ਚ ਜਿੱਤ ਹਾਸਲ ਕੀਤੀ। ਇਹ ਜਿੱਤ ਦਰ 80 ਫ਼ੀਸਦੀ ਬਣਦੀ ਹੈ।
ਸੂਰਿਆਕੁਮਾਰ ਨੇ ਮਜ਼ਾਹੀਆ ਲਹਿਜੇ ਵਿੱਚ ਕਿਹਾ ਕਿ ਸਕੂਲ ਤੇ ਕਾਲਜ ਵਿੱਚ ਉਹ ਕਦੇ ਵੀ 50-60 ਫ਼ੀਸਦੀ ਤੋਂ ਵੱਧ ਨੰਬਰ ਨਹੀਂ ਲੈ ਸਕਿਆ ਪਰ ਕ੍ਰਿਕਟ ਵਿੱਚ ਇਹ ਮੁਕਾਮ ਹਾਸਲ ਕਰ ਕੇ ਉਹ ਬਹੁਤ ਖੁਸ਼ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਭਾਵੇਂ ਇੰਜਨੀਅਰ ਸਨ ਪਰ ਪਰਿਵਾਰ ਨੇ ਕਦੇ ਪੜ੍ਹਾਈ ਲਈ ਦਬਾਅ ਨਹੀਂ ਪਾਇਆ ਅਤੇ ਹਮੇਸ਼ਾ ਖੇਡ ਲਈ ਹੱਲਾਸ਼ੇਰੀ ਦਿੱਤੀ। ਉਸ ਨੇ ਕਿਹਾ ਕਿ ਮਿਹਨਤ ਨੇ ਉਸ ਨੂੰ ਕਦੇ ਵੀ ‘ਪਲਾਨ ਬੀ’ ਦੀ ਲੋੜ ਨਹੀਂ ਪੈਣ ਦਿੱਤੀ।

