ਨੰਗਲ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵਾਹਨਾਂ ਦੀ ਐਂਟਰੀ ਫੀਸ ਵਿੱਚ ਕੀਤੇ ਗਏ ਭਾਰੀ ਵਾਧੇ ਕਾਰਨ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਹਿਲੀ ਅਪਰੈਲ ਤੋਂ ਦਾਖਲਾ ਫੀਸ ਦੁੱਗਣੀ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਸਰਹੱਦੀ ਖੇਤਰ ਦੇ ਲੋਕਾਂ ਨੇ ਆਪਣੇ ਵਾਹਨਾਂ ਲਈ ਹਿਮਾਚਲ ਪ੍ਰਦੇਸ਼ ਦੇ ਨੰਬਰ ਲੈਣ ਦੀ ਤਿਆਰੀ ਖਿੱਚ ਲਈ ਹੈ।
ਪੰਜਾਬ ਦੇ ਸਰਹੱਦੀ ਪਿੰਡਾਂ ਹਾਜ਼ੀਪੁਰ, ਮੋਜੋਵਾਲ, ਛੋਟੋਵਾਲ, ਮਹਿਲਵਾਂ, ਸੂਰੇਵਾਲ, ਸਹਿਜੋਵਾਲ, ਸੁਖਸਾਲ, ਸੰਗਤਪੁਰ, ਬੈਂਸਪੁਰ, ਦੁਬੇਟਾ ਅਤੇ ਨੰਗਲ ਸ਼ਹਿਰ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਵਾਹਨਾਂ ਦੀ ਹਿਮਾਚਲ ਪ੍ਰਦੇਸ਼ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਬਹੁਤੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਇਸੇ ਸੂਬੇ ਨਾਲ ਜੁੜੇ ਹੋਏ ਹਨ। ਰੋਜ਼ਾਨਾ ਆਉਣ-ਜਾਣ ਕਾਰਨ ਐਂਟਰੀ ਫੀਸ ਦਾ ਇਹ ਬੋਝ ਉਨ੍ਹਾਂ ਦੀ ਜੇਬ ’ਤੇ ਭਾਰੀ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਟੌਲ ਬੈਰੀਅਰ ਸੰਤੋਖਗੜ੍ਹ, ਮਹਿਤਪੁਰ, ਅਜੌਲੀ, ਦੁਬੇਟਾ, ਬਾਥੜੀ, ਗੜ੍ਹ ਮੌੜਾ ਅਤੇ ਕੋਲਾ ਵਾਲਾ ਟੋਬਾ ਵਰਗੇ ਸਥਾਨਾਂ ’ਤੇ ਸਥਿਤ ਹਨ। ਪਹਿਲਾਂ ਲੋਕਾਂ ਨੇ ਮੰਗ ਕੀਤੀ ਸੀ ਕਿ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਇਸ ਵਧੀ ਹੋਈ ਐਂਟਰੀ ਫੀਸ ਤੋਂ ਛੋਟ ਦਿੱਤੀ ਜਾਵੇ, ਪਰ ਹਿਮਾਚਲ ਸਰਕਾਰ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਹੁਣ ਲੋਕਾਂ ਨੇ ਆਪਣੇ ਵਾਹਨਾਂ ਦੇ ਨੰਬਰ ਬਦਲਵਾਉਣ ਦਾ ਮਨ ਬਣਾ ਲਿਆ ਹੈ।
ਹਿਮਾਚਲ ਤੋਂ ਪੰਜਾਬ ਆਉਣ ਵਾਲੇ ਵਾਹਨਾਂ ’ਤੇ ਐਂਟਰੀ ਫੀਸ ਲਾਉਣ ਦੀ ਮੰਗ ਉੱਠੀ
‘ਇਲਾਕਾ ਬਚਾਓ ਸੰਘਰਸ਼ ਮੋਰਚਾ ਨੰਗਲ’ ਅਤੇ ਹੋਰ ਜਥੇਬੰਦੀਆਂ ਨੇ ਐਂਟਰੀ ਫੀਸ ਨੂੰ ਲੈ ਕੇ ਪਹਿਲੀ ਅਪਰੈਲ ਤੋਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਐਂਟਰੀ ਫੀਸ ਦੀਆਂ ਵਧੀਆਂ ਦਰਾਂ ਜਬਰੀ ਲਾਗੂ ਕੀਤੀਆਂ ਗਈਆਂ ਤਾਂ ਉਹ ਹਿਮਾਚਲ ਪ੍ਰਦੇਸ਼ ਦੇ ਟੌਲ ਬੈਰੀਅਰਾਂ ’ਤੇ ਜਾਮ ਲਾਉਣਗੇ। ਇਸੇ ਦੌਰਾਨ ‘ਕੌਮੀ ਮੋਰਚਾ’ ਦੇ ਕਨਵੀਨਰ ਗੌਰਵ ਰਾਣਾ ਨੇ ਐਲਾਨ ਕੀਤਾ ਕਿ ਉਹ ਪੰਜਾਬ ਨਾਲ ਲੱਗਦੇ ਸਾਰੇ ਬੈਰੀਅਰਾਂ ’ਤੇ ਕੋਈ ਟੈਕਸ ਨਹੀਂ ਦੇਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਜਵਾਬੀ ਕਾਰਵਾਈ ਵਜੋਂ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਉਣ ਵਾਲੇ ਵਾਹਨਾਂ ’ਤੇ ਵੀ ਐਂਟਰੀ ਫੀਸ ਲਾਈ ਜਾਵੇ।

