ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੀ ਜੰਗ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਦੇਰ ਰਾਤ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਵਧਦੇ ਤਣਾਅ ਅਤੇ ਨਿਰਦੋਸ਼ ਨਾਗਰਿਕਾਂ ਦੀ ਜਾਨ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਸੰਜਮ, ਗੱਲਬਾਤ ਅਤੇ ਕੂਟਨੀਤੀ ਹੀ ਸ਼ਾਂਤੀ ਦਾ ਇੱਕੋ-ਇੱਕ ਰਸਤਾ ਹੈ। 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਸ਼ੁਰੂ ਹੋਈ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਉੱਚ ਆਗੂਆਂ ਵਿਚਾਲੇ ਇਹ ਪਹਿਲੀ ਸਿੱਧੀ ਗੱਲਬਾਤ ਹੈ।
ਮੋਦੀ ਨੇ ਗੱਲਬਾਤ ਦੌਰਾਨ ਇਰਾਨ ਵਿੱਚ ਮੌਜੂਦ ਲਗਭਗ 9,000 ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਮੈਡੀਕਲ ਵਿਦਿਆਰਥੀ ਹਨ, ਦੀ ਸੁਰੱਖਿਆ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀ ਭਲਾਈ ਸਰਕਾਰ ਦੀ ਸਭ ਤੋਂ ਉੱਚੀ ਤਰਜੀਹ ਹੈ। ਭਾਰਤੀ ਦੂਤਾਵਾਸ ਵੱਲੋਂ ਵਿਦਿਆਰਥੀਆਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਦੇ ਰਸਤੇ ਸੁਰੱਖਿਅਤ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਊਰਜਾ ਸੁਰੱਖਿਆ ਅਤੇ ਵਪਾਰਕ ਸਪਲਾਈ ਵਿੱਚ ਰੁਕਾਵਟ ਨਾ ਪੈਣ ਦੇ ਮਹੱਤਵ ’ਤੇ ਵੀ ਚਰਚਾ ਕੀਤੀ, ਜੋ ਕਿ ਸੰਸਾਰਕ ਆਰਥਿਕਤਾ ਲਈ ਬੇਹੱਦ ਜ਼ਰੂਰੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਹਿਲਾਂ ਹੀ ਇਸ ਮੁੱਦੇ ’ਤੇ ਆਪਣੇ ਇਰਾਨੀ ਹਮਰੁਤਬਾ ਨਾਲ ਤਿੰਨ ਵਾਰ ਗੱਲਬਾਤ ਕਰ ਚੁੱਕੇ ਹਨ।

