ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੇਸ਼ ਵਿੱਚ ਰਸੋਈ ਗੈਸ (LPG) ਦੀ ਭਾਰੀ ਕਿੱਲਤ, ਵਧਦੀਆਂ ਕੀਮਤਾਂ ਅਤੇ ਹੋਟਲ-ਰੈਸਟੋਰੈਂਟ ਉਦਯੋਗ ’ਤੇ ਪੈ ਰਹੇ ਮਾੜੇ ਪ੍ਰਭਾਵਾਂ ’ਤੇ ਚਰਚਾ ਕਰਨ ਲਈ ਸਦਨ ਵਿੱਚ ਮੁਲਤਵੀ ਮਤਾ ਪੇਸ਼ ਕੀਤਾ ਹੈ। ਨਿਯਮ 267 ਤਹਿਤ ਦਿੱਤੇ ਗਏ ਇਸ ਨੋਟਿਸ ਵਿੱਚ ਸਿੰਘ ਨੇ ਸਦਨ ਦੀ ਕਾਰਵਾਈ ਰੋਕ ਕੇ ਇਸ ਅਹਿਮ ਮੁੱਦੇ ’ਤੇ ਤੁਰੰਤ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਅਤੇ Strait of Hormuz ਵਿੱਚ ਵਧਦੇ ਤਣਾਅ ਕਾਰਨ ਭਾਰਤ ਵਿੱਚ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਕਿਉਂਕਿ ਭਾਰਤ ਆਪਣੀ ਲੋੜ ਦਾ 85-90 ਫ਼ੀਸਦੀ ਐੱਲ.ਪੀ.ਜੀ. ਇਸੇ ਮਾਰਗ ਰਾਹੀਂ ਦਰਾਮਦ ਕਰਦਾ ਹੈ।
ਸੰਜੇ ਸਿੰਘ ਨੇ ਨੋਟਿਸ ਵਿੱਚ ਦੱਸਿਆ ਕਿ 7 ਮਾਰਚ ਨੂੰ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੇ ਆਮ ਜਨਤਾ ਅਤੇ ਕਾਰੋਬਾਰੀਆਂ ਦਾ ਲੱਕ ਤੋੜ ਦਿੱਤਾ ਹੈ। ਦਿੱਲੀ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 60 ਰੁਪਏ ਅਤੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 114-115 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਕਮਰਸ਼ੀਅਲ ਸਿਲੰਡਰ ਦੀ ਕੀਮਤ ਲਗਭਗ 1,883 ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਵਿੱਚ ਰੈਸਟੋਰੈਂਟ ਬੰਦ ਹੋਣ ਦੀ ਕਗਾਰ ‘ਤੇ ਹਨ ਅਤੇ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ, ਜਿੱਥੇ ਇੱਕ ਸਿਲੰਡਰ 3,200 ਤੋਂ 5,000 ਰੁਪਏ ਤੱਕ ਵਿਕ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਸੰਕਟ ਨਾਲ ਨਜਿੱਠਣ ਲਈ ਤੁਰੰਤ ਕਦਮ ਚੁੱਕੇ।

