ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਜਾਰੀ ਰੱਖਣ ਦਾ ਅਹਿਦ ਲਿਆ ਹੈ। ਉਂਝ, ਉਨ੍ਹਾਂ ਕਿਹਾ ਕਿ ਇਰਾਨ ਆਪਣੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਰਿਸ਼ਤੇ ਕਾਇਮ ਰੱਖਣਾ ਚਾਹੇਗਾ। ਹਰਮੁਜ਼ ਜਲ ਮਾਰਗ ਬੰਦ ਰੱਖ ਕੇ ਅਮਰੀਕਾ ’ਤੇ ਦਬਾਅ ਵਧਾਇਆ ਜਾਵੇਗਾ। ਮੁਜਤਬਾ ਖਮੇਨੇਈ ਨੇ ਸਕੂਲ ’ਚ ਬੱਚਿਆਂ ਸਮੇਤ ਮਾਰੇ ਗਏ 165 ਜਣਿਆਂ ਅਤੇ ਹੋਰਾਂ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਅਹਿਦ ਵੀ ਲਿਆ। ਉਨ੍ਹਾਂ ਕਿਹਾ ਕਿ ਇਰਾਨ ਦੇ ਦੁਸ਼ਮਣਾਂ ਤੋਂ ਹਰ ਨੁਕਸਾਨ ਦਾ ਪੂਰਾ ਹਿਸਾਬ ਲਿਆ ਜਾਵੇਗਾ ਜਾਂ ਉਨ੍ਹਾਂ ਦੇ ਟਿਕਾਣੇ ਤਬਾਹ ਕਰ ਦਿੱਤੇ ਜਾਣਗੇ। ਉਨ੍ਹਾਂ ਖਾੜੀ ਮੁਲਕਾਂ ਨੂੰ ਅਮਰੀਕੀ ਟਿਕਾਣੇ ਬੰਦ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਮਰੀਕਾ ਵੱਲੋਂ ਸੁਰੱਖਿਆ ਦੀ ਦਿੱਤੀ ਗਈ ਗਾਰੰਟੀ ਝੂਠ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਸੁਪਰੀਮ ਆਗੂ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਬਿਆਨ ਵੀਰਵਾਰ ਨੂੰ ਸਰਕਾਰੀ ਟੈਲੀਵਿਜ਼ਨ ’ਤੇ ਨਿਊਜ਼ ਐਂਕਰ ਨੇ ਪੜ੍ਹ ਕੇ ਸੁਣਾਇਆ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਪੂਰੀ ਤਰ੍ਹਾਂ ਤਬਾਹ ਹੋਣ ਦਾ ਦਾਅਵਾ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ‘ਜੰਗ ਨੂੰ ਅੰਜਾਮ’ ਤੱਕ ਪਹੁੰਚਾ ਕੇ ਰਹਿਣਗੇ।

ਤੇਲ ਟੈਂਕਰ ’ਤੇ ਹਮਲੇ ’ਚ ਭਾਰਤੀ ਹਲਾਕ

ਦੁਬਈ/ਨਵੀਂ ਦਿੱਲੀ: ਇਰਾਨ ਵੱਲੋਂ ਅਮਰੀਕੀ ਮਲਕੀਅਤ ਵਾਲੇ ਤੇਲ ਟੈਂਕਰ ’ਤੇ ਕੀਤੇ ‘ਫਿਦਾਈਨ’ ਕਿਸ਼ਤੀ ਹਮਲੇ ’ਚ ਭਾਰਤੀ ਨਾਗਰਿਕ ਹਲਾਕ ਹੋ ਗਿਆ। ਅਮਰੀਕਾ ਦੀ ਮਾਲਕੀ ਅਤੇ ਮਾਰਸ਼ਲ ਟਾਪੂ ਦੇ ਝੰਡੇ ਵਾਲੇ ਤੇਲ ਟੈਂਕਰ ‘ਸੇਫਸੀਅ ਵਿਸ਼ਨੂ’ ਉਤੇ ਇਰਾਕ ਦੀ ਖੋਰ ਅਲ ਜ਼ੁਬੇਰ ਬੰਦਰਗਾਹ ’ਤੇ ਹਮਲਾ ਕੀਤਾ ਗਿਆ। ਇਰਾਕ ’ਚ ਭਾਰਤੀ ਸਫਾਰਤਖਾਨੇ ਨੇ ਭਾਰਤੀ ਮਲਾਹ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਹਾਜ਼ ’ਤੇ ਸਵਾਰ 15 ਹੋਰ ਭਾਰਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ ਦੌਰਾਨ ਦਿੱਲੀ ’ਚ ਬੰਦਰਗਾਹਾਂ, ਜਹਾਜ਼ਰਾਣੀ ਅਤੇ ਜਲਮਾਰਗਾਂ ਬਾਰੇ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਨੇ ਕਿਹਾ ਕਿ ਹੁਣ ਤੱਕ ਜਹਾਜ਼ਾਂ ’ਤੇ ਹੋਏ ਹਮਲਿਆਂ ’ਚ ਤਿੰਨ ਭਾਰਤੀ ਮਲਾਹ ਹਲਾਕ ਹੋ ਚੁੱਕੇ ਹਨ ਅਤੇ ਇਕ ਹੋਰ ਲਾਪਤਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਜਹਾਜ਼ਾਂ ’ਤੇ ਹੋਏ ਹਮਲਿਆਂ ’ਚ 78 ਭਾਰਤੀ ਮਲਾਹ ਨਿਸ਼ਾਨੇ ’ਤੇ ਆਏ ਸਨ ਜਿਨ੍ਹਾਂ ’ਚੋਂ 70 ਨੂੰ ਬਚਾਅ ਲਿਆ ਗਿਆ ਅਤੇ ਚਾਰ ਹੋਰ ਜ਼ਖਮੀ ਹਨ।

ਇਰਾਨੀ ਰਾਸ਼ਟਰਪਤੀ ਨੇ ਜੰਗ ਦੇ ਖ਼ਾਤਮੇ ਲਈ ਤਿੰਨ ਸ਼ਰਤਾਂ ਰੱਖੀਆਂ

ਦੁਬਈ: ਵਪਾਰਕ ਬੇੜਿਆਂ ਅਤੇ ਊਰਜਾ ਢਾਂਚਿਆਂ ’ਤੇ ਹਮਲਿਆਂ ਦਰਮਿਆਨ ਇਰਾਨ ਦੇ ਸਦਰ ਮਸੂਦ ਪੇਜ਼ੇਸ਼ਕੀਅਨ ਨੇ ਅਮਰੀਕਾ ਤੇ ਇਜ਼ਰਾਈਲ ਨਾਲ ਜੰਗ ਖ਼ਤਮ ਕਰਨ ਲਈ ਤਿੰਨ ਵੱਡੀਆਂ ਸ਼ਰਤਾਂ ਰੱਖੀਆਂ ਹਨ। ਇਰਾਨ ਨੇ ਸਲਾਮਤੀ ਕੌਂਸਲ ਦੇ ਖਾੜੀ ਮੁਲਕਾਂ ’ਤੇ ਹਮਲੇ ਰੋਕਣ ਦੀ ਮੰਗ ਵਾਲੇ ਮਤੇ ਦੀ ਪਰਵਾਹ ਨਾ ਕਰਦਿਆਂ ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਨੂੰ ਨਿਸ਼ਾਨਾ ਬਣਾਇਆ। ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਕਿਹਾ ਕਿ ਇਰਾਨ ਦੇ ਹੱਕਾਂ ਨੂੰ ਮਾਨਤਾ ਦਿੱਤੇ ਜਾਣ, ਜੰਗ ਲਈ ਮੁਆਵਜ਼ਾ ਦੇਣ ਅਤੇ ਭਵਿੱਖ ’ਚ ਹਮਲੇ ਨਾ ਹੋਣ ਲਈ ਕੌਮਾਂਤਰੀ ਗਾਰੰਟੀ ਮਿਲਣ ’ਤੇ ਹੀ ਟਕਰਾਅ ਖ਼ਤਮ ਹੋ ਸਕਦਾ ਹੈ। ਇਰਾਨ ਨੇ 28 ਫਰਵਰੀ ਤੋਂ ਥੋਪੀ ਗਈ ਜੰਗ ਮਗਰੋਂ ਊਰਜਾ ਟਿਕਾਣਿਆਂ ਅਤੇ ਹਰਮੁਜ਼ ਜਲ ਮਾਰਗ ’ਚੋਂ ਲੰਘ ਰਹੇ ਜਹਾਜ਼ਾਂ ’ਤੇ ਹਮਲੇ ਕਰ ਕੇ ਆਲਮੀ ਅਰਥਚਾਰੇ ਨੂੰ ਢਾਹ ਲਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਯੂ ਏ ਈ ’ਚ ਸਿਟੀ ਬੈਂਕ ਨੇ ਇਰਾਨ ਵੱਲੋਂ ਹਮਲਿਆਂ ਦੀ ਧਮਕੀ ਮਿਲਣ ਮਗਰੋਂ ਇਕ ਨੂੰ ਛੱਡ ਕੇ ਬਾਕੀ ਬਰਾਂਚਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਹੋਰ ਵਿੱਤੀ ਅਦਾਰਿਆਂ ਨੇ ਵੀ ਆਪਣੇ ਅਮਲੇ ਨੂੰ ਘਰੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਦੌਰਾਨ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਲੀਬਾਫ ਨੇ ਚਿਤਾਵਨੀ ਦਿੱਤੀ ਕਿ ਜੇ ਮੁਲਕ ਦੇ ਟਾਪੂਆਂ ’ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਹੋਏ ਤਾਂ ਫ਼ਾਰਸ ਦੀ ਖਾੜੀ ’ਚ ਹਮਲਾਵਰਾਂ ਦਾ ਖ਼ੂਨ ਵਹੇਗਾ। ਇਰਾਨ ਕੋਲ ਤਿੰਨ ਟਾਪੂ ਹਨ ਜੋ ਉਸ ਨੇ 1971 ’ਚ ਸੰਯੁਕਤ ਅਰਬ ਅਮੀਰਾਤ ਦੇ ਗਠਨ ਤੋਂ ਪਹਿਲਾਂ ਉਸ ਤੋਂ ਹਾਸਲ ਕੀਤੇ ਸਨ। ਚਰਚਾ ਹੈ ਕਿ ਅਮਰੀਕਾ ਫ਼ਾਰਸ ਦੀ ਖਾੜੀ ’ਚ ਪੈਂਦੇ ਇਰਾਨ ਦੇ ਪ੍ਰਮੁੱਖ ਤੇਲ ਟਰਮੀਨਲ ਖਾਰਗ ਟਾਪੂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਰਾਨ ਨੇ ਦੁਬਈ ਦੇ ਕੰਢੇ ’ਤੇ ਕੰਟੇਨਰ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਇਕ ਹੋਰ ਹਮਲੇ ’ਚ ਬਹਿਰੀਨ ਨੇੜੇ ਕੌਮਾਂਤਰੀ ਹਵਾਈ ਅੱਡੇ ’ਤੇ ਅੱਗ ਲੱਗ ਗਈ ਅਤੇ ਡਰੋਨ ਨਾਲ ਵੱਡੇ ਸਾਊਦੀ ਤੇਲ ਖੇਤਰ ’ਤੇ ਹਮਲਾ ਕੀਤਾ। ਇਰਾਕ ਨੇ ਬਸਰਾ ਬੰਦਰਗਾਹ ’ਤੇ ਹਮਲੇ ਮਗਰੋਂ ਆਪਣੇ ਸਾਰੇ ਤੇਲ ਟਰਮੀਨਲਾਂ ’ਚ ਕੰਮ ਬੰਦ ਕਰ ਦਿੱਤਾ ਹੈ। ਯੇਰੂਸ਼ਲਮ ’ਚ ਵੀ ਸਾਇਰਨਾਂ ਦੀ ਆਵਾਜ਼ ਗੂੰਜਦੀ ਰਹੀ ਅਤੇ ਇਜ਼ਰਾਈਲ ਨੇ ਇਰਾਨੀ ਮਿਜ਼ਾਈਲਾਂ ਫੁੰਡੀਆਂ। ਇਜ਼ਰਾਈਲ ਨੇ ਤਹਿਰਾਨ ਅਤੇ ਲਿਬਨਾਨ ’ਚ ਜ਼ੋਰਦਾਰ ਹਮਲੇ ਕੀਤੇ। ਅੱਜ ਤੜਕੇ ਕੀਤੇ ਦੋ ਹਮਲਿਆਂ ’ਚ 11 ਜਣੇ ਮਾਰੇ ਗਏ। ਲਿਬਨਾਨ ’ਚ ਹੁਣ ਤੱਕ 634 ਜਣੇ ਮਾਰੇ ਜਾ ਚੁੱਕੇ ਹਨ।

Share: