ਵੈਨਕੂਵਰ: ਦੋ ਸਾਲ ਪਹਿਲਾਂ ਸਰੀ ਵਿੱਚ ਕਤਲ ਕੀਤੀ ਗਈ ਨਵਦੀਪ ਕੌਰ (28) ਦੀ ਹੱਤਿਆ ਦੇ ਦੋਸ਼ੀ ਅਮਰਬੀਰ ਸਿੰਘ (24) ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਅਦਾਲਤ ਤੋਂ ਕੈਨੇਡਾ ਭਰ ਵਿੱਚ ਭਾਲ ਲਈ ਵਰੰਟ ਹਾਸਲ ਕਰ ਲਏ ਹਨ। ਹਾਲਾਂਕਿ ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਆਪਣੀ ਕਾਰਵਾਈ ਕਰਕੇ ਵਾਪਸ ਭਾਰਤ ਭੱਜ ਗਿਆ ਹੋ ਸਕਦਾ ਹੈ, ਜਿਸ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਘਟਨਾ ਫ਼ਰਵਰੀ 2024 ਦੇ ਆਖ਼ਰੀ ਹਫ਼ਤੇ ਵਾਪਰੀ ਹੈ, ਜਦੋਂ ਆਪਣੇ ਦੋਸਤ ਅਮਰਬੀਰ ਸਿੰਘ ਨਾਲ ਰਹਿੰਦੀ ਨਵਦੀਪ ਕੌਰ ਦੇ ਵਾਰਸਾਂ ਨੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲੀਸ ਕੋਲ ਦਰਜ ਕਰਵਾਈ ਸੀ। ਕੁਝ ਮਹੀਨੇ ਬਾਅਦ ਇੱਕ ਜਗ੍ਹਾ ਤੋਂ ਮਨੁੱਖੀ ਸਰੀਰ ਦੇ ਅੰਗ ਪ੍ਰਾਪਤ ਮਿਲੇ ਸਨ ਜੋ ਕਿ ਬਾਅਦ ਵਿੱਚ ਹੋਈ ਨਵਦੀਪ ਦੇ ਅੰਗਾਂ ਵਜੋਂ ਪਾਏ ਗਏ।
ਜਾਂਚ ਟੀਮ ਦੇ ਬੁਲਾਰੇ ਸਾਰਜੈਟ ਫਰੈਡਾ ਫੋਂਗ ਨੇ ਦੱਸਿਆ ਕਿ ਜਾਂਚ ਅੱਗੇ ਵਧੀ ਤਾਂ ਪੁਲੀਸ ਨੂੰ ਅਮਰਬੀਰ ਵੱਲੋਂ ਉਸ ਨੂੰ ਮਾਰਕੇ ਲਾਸ਼ ਖੁਰਦ ਬੁਰਦ ਕੀਤੇ ਜਾਣ ਦੇ ਸਬੂਤ ਮਿਲੇ। ਪਰ ਉਸ ਦੇ ਮੌਜੂਦਾ ਠਿਕਾਣੇ ਦਾ ਪਤਾ ਨਾ ਮਿਲਣ ਕਰਕੇ ਕੈਨੇਡਾ ਭਰ ਦੇ ਵਰੰਟ ਹਾਸਲ ਕੀਤੇ ਗਏ ਹਨ।

