ਇਰਾਨ ਵੱਲੋਂ ਇਜ਼ਰਾਈਲ ਤੇ ਖਾੜੀ ਮੁਲਕਾਂ ਉੱਤੇ ਨਵੇਂ ਸਿਰਿਓਂ ਹਮਲੇ

ਇਰਾਨ ਵੱਲੋਂ ਇਜ਼ਰਾਈਲ ਤੇ ਖਾੜੀ ਮੁਲਕਾਂ ਉੱਤੇ ਨਵੇਂ ਸਿਰਿਓਂ ਹਮਲੇ

ਦੁਬਈ: ਇਰਾਨ ਨੇ ਮੱਧ ਪੂਰਬ ’ਤੇ ਬਣੇ ਦਬਾਅ ਨੂੰ ਜਾਰੀ ਰੱਖਦਿਆਂ ਮੰਗਲਵਾਰ ਨੂੰ ਇਜ਼ਰਾਈਲ ਤੇ ਖਾੜੀ ਮੁਲਕਾਂ ’ਤੇ ਨਵੇਂ ਸਿਰਿਓਂ ਹਮਲੇ ਕੀਤੇ। ਇਜ਼ਰਾਈਲ ਤੇ ਅਮਰੀਕਾ ਵੱਲੋਂ ਸਹੇੜੀ ਜੰਗ ਨਾਲ ਤੇਲ ਕੀਮਤਾਂ ਸ਼ੂਟ ਵਟਣ ਲੱਗੀਆਂ ਹਨ ਅਤੇ ਆਲਮੀ ਅਰਥਚਾਰਿਆਂ ਨੂੰ ਵੱਡਾ ਝਟਕਾ ਲੱਗਾ ਹੈ। ਇਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਧਮਕੀ ਦਿੰਦਿਆਂ ਸਾਫ਼ ਕਰ ਦਿੱਤਾ ਕਿ ਉਹ ਡਰਨ ਵਾਲੇ ਨਹੀਂ। ਉਧਰ, ਇਜ਼ਰਾਈਲ ਵੱਲੋਂ ਲਿਬਨਾਨ ਵਿਚ ਦਹਿਸ਼ਤੀ ਸਮੂਹ ਹਿਜ਼ਬੁੱਲਾ ’ਤੇ ਕੀਤੇ ਹਵਾਈ ਹਮਲੇ ਵਿੱਚ ਪੰਜ ਮਿਲੀਸ਼ੀਆ ਮਾਰੇ ਗਏ ਤੇ ਚਾਰ ਹੋਰ ਜ਼ਖ਼ਮੀ ਹੋ ਗਏ।

ਇਰਾਨ ਨੇ ਇਜ਼ਰਾਈਲ ਤੇ ਖੇਤਰ ਵਿਚਲੇ ਅਮਰੀਕੀ ਬੇਸਾਂ ’ਤੇ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦੇ ਨਾਲ ਹਰਮੁਜ਼ ਜਲ ਮਾਰਗ ਉੱਤੇ ਊਰਜਾ ਦੇ ਬੁਨਿਆਦੀ ਢਾਂਚੇ ਤੇ ਆਵਾਜਾਈ ਨੂੰ ਵੀ ਨਿਸ਼ਾਨਾ ਬਣਾਇਆ। ਇਰਾਨ ਨੇ ਹਰਮੁਜ਼ ਜਲ ਮਾਰਗ ਵਿਚੋਂ ਲੰਘਦੇ ਟੈਂਕਰਾਂ ਨੂੰ ਰੋਕ ਦਿੱਤਾ ਹੈ। ਇਹ ਜਲਮਾਰਗ ਫ਼ਾਰਸ ਦੀ ਖਾੜੀ ਤੇ ਓਮਾਨ ਦੀ ਖਾੜੀ ਨੂੰ ਜੋੜਦਾ ਹੈ ਤੇ ਅੱਗੇ ਹਿੰਦ ਮਹਾਸਾਗਰ ਨੂੰ ਖੁੱਲ੍ਹਦਾ ਹੈ। ਦੁਬਈ ਤੇ ਬਹਿਰੀਨ ਵਿੱਚ ਮਿਜ਼ਾਈਲ ਹਮਲੇ ਤੋਂ ਪਹਿਲਾਂ ਸਾਇਰਨ ਸੁਣਾਈ ਦਿੱਤੇ। ਬਹਿਰੀਨ ਵਿੱਚ ਰਿਹਾਇਸ਼ੀ ਇਮਾਰਤ ’ਤੇ ਹਮਲੇ ਵਿਚ 29 ਸਾਲਾ ਮਹਿਲਾ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ।

ਉਧਰ, ਸਾਊਦੀ ਅਰਬ ਨੇ ਤੇਲ ਦੀ ਭਰਮਾਰ ਵਾਲੇ ਆਪਣੇ ਪੂਰਬੀ ਖੇਤਰ ਵਿੱਚ ਦੋ ਡਰੋਨ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਕੁਵੈਤ ਦੇ ਨੈਸ਼ਨਲ ਗਾਰਡ ਨੇ ਦੋ ਡਰੋਨ ਫੁੰਡਣ ਦੀ ਗੱਲ ਆਖੀ ਹੈ। ਇਸ ਦੌਰਾਨ ਅੱਜ ਸਵੇਰੇ ਯੇਰੂਸ਼ਲਮ ਵਿੱਚ ਸਾਇਰਨ ਤੇ ਤਲ ਅਵੀਵ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ।

ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਲਿਬਫ ਨੇ ਐਕਸ ’ਤੇ ਪੋੋਸਟ ਵਿੱਚ ਕਿਹਾ, ‘‘ਅਸੀਂ ਯਕੀਨੀ ਤੌਰ ’ਤੇ ਗੋਲੀਬੰਦੀ ਵੱਲ ਨਹੀਂ ਦੇਖ ਰਹੇ। ਸਾਡਾ ਖ਼ਿਆਲ ਹੈ ਕਿ ਹਮਲਾ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਸਬਕ ਸਿੱਖਣ ਅਤੇ ਸਾਡੇ ਪਿਆਰੇ ਇਰਾਨ ’ਤੇ ਮੁੜ ਹਮਲਾ ਕਰਨ ਬਾਰੇ ਕਦੇ ਨਾ ਸੋਚਣ।’’

ਇਰਾਨ ਦੇ ਸਿਖਰਲੇ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਧਮਕਾਉਂਦਿਆਂ ਕਿਹਾ, ‘‘ਇਰਾਨ ਤੇਰੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦਾ। ਤੇਰੇ ਤੋਂ ਵੀ ਵੱਡੇ ਕਈ ਆਏ, ਪਰ ਇਰਾਨ ਨੂੰ ਖ਼ਤਮ ਨਹੀਂ ਕਰ ਸਕੇ। ਖ਼ਬਰਦਾਰ, ਕਿਤੇ ਖੁ਼ਦ ਹੀ ਖ਼ਤਮ ਨਾ ਹੋ ਜਾਇਓ।’’ ਉਧਰ ਇਰਾਨ ਦੀ ਮਹਿਲਾ ਫੁਟਬਾਲ ਟੀਮ ਦੇ ਪੰਜ ਮੈਂਬਰਾਂ ਨੂੰ ਆਸਟਰੇਲੀਆ ਵਿਚ ਸ਼ਰਨ ਮਿਲ ਗਈ ਹੈ। ਫੁਟਬਾਲ ਟੀਮ ਮੱਧ ਪੂਰਬ ਵਿਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਟੂਰਨਾਮੈਂਟ ਲਈ ਆਸਟਰੇਲੀਆ ਵਿੱਚ ਮੌਜੂਦ ਸੀ।

Share: